ਅੰਮ੍ਰਿਤਸਰ:- ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਹਰ ਸਾਲ ਪੂਰੇ ਭਾਰਤ ਵਿਚੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਜਿਸ ਵਿਚ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜ਼ੂਏਸ਼ਨ ਕਲਾਸ ਤੱਕ ਰੈਗੂਲਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਿੱਸਾ ਲੈਂਦੇ ਹਨ। ਇਸ ਪ੍ਰੀਖਿਆ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿਚ ਵੰਡਿਆ ਗਿਆ ਹੈ ਇਹਨਾਂ ਦਰਜਿਆਂ ਵਿਚ ਸਾਮਲ ਹੋਏ ਵਿਦਿਆਰਥੀਆਂ ਵਿਚੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ 1100, 2100, 3100 ਅਤੇ 4100 ਰੁਪਏ ਸਲਾਨਾ ਵਜੀਫਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਹਰ ਦਰਜੇ ਵਿਚੋ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ 2100, 1500 ਅਤੇ 1100 ਰੁਪਏ ਵਿਸ਼ੇਸ਼ ਇਨਾਮ ਵਜੋਂ ਦਿੱਤੇ ਜਾਂਦੇ ਹਨ। ਇਸ ਪ੍ਰੀਖਿਆਂ ਦੇ ਦਾਖਲੇ ਤੋਂ ਲੈਕੇ ਸਰਟੀਫਿਕੇਟ ਤਿਆਰ ਕਰਨ ਤੀਕ ਦੇ ਕੰਮ-ਕਾਰ ਨੂੰ ਅਤਿ ਆਧੂਨਿਕ ਤਰੀਕੇ ਨਾਲ ਕਰਨ / ਕਰਵਾਉਣ ਲਈ ਧਰਮ ਪਚਾਰ ਕਮੇਟੀ ਦੇ ਸਕੱਤਰ ਸ੍ਰ: ਸਤਿਬੀਰ ਸਿੰਘ ਦੀ ਅਗਵਾਈ ਹੇਠ ਧਾਰਮਿਕ ਪ੍ਰੀਖਿਆ ਵਿਭਾਗ ਦੇ ਇੰਚਾਰਜ ਸ੍ਰ: ਗੁਰਬਚਨ ਸਿੰਘ ਵਲੋਂ ਵਿਭਾਗ ਲਈ ਵਿਸ਼ੇਸ ਸੌਫਟਵੇਅਰ ਤਿਆਰ ਕਰਵਾ ਕੇ ਨਵੰਬਰ 2011 ਵਿਚ ਹੋਣ ਵਾਲੀ ਧਾਰਮਿਕ ਪ੍ਰੀਖਿਆ ਦੇ ਕੰਮ-ਕਾਰ ਨੂੰ ਨਵੀਨਤਮ ਢੰਗ ਨਾਲ ਸ਼ੁਰੂ ਕਰਨ ਲਈ ਕੀਤੇ ਉਪਰਾਲੇ ਦਾ ‘ਮੂਲ ਮੰਤਰ’ ਦੇ ਜਾਪ ਉਪ੍ਰੰਤ ਰਸਮੀ ਤੌਰ ਤੇ ਸ੍ਰ: ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਵਲੋਂ ਸੁਭ ਆਰੰਭ ਕੀਤਾ ਗਿਆ।
ਇਸ ਮੌਕੇ ਉਹਨਾਂ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਦੱਸਿਆ ਕਿ ਇਸ ਸੌਫਟਵੇਅਰ ਨਾਲ ਜਿੱਥੇ ਸਾਨੂੰ ਸਮੇਂ ਦਾ ਹਾਣੀ ਹੋਣ ਦਾ ਮਾਣ ਹਾਸਲ ਹੋਇਆ, ਉਥੇ ਹੀ ਇਸ ਸਿਰਮੌਰ ਧਾਰਮਿਕ ਜੱਥੇਬੰਦੀ ਦੀ ਨੁਮਾਇੰਦਗੀ ਕਰ ਰਹੇ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇ ਪ੍ਰਚਾਰ-ਪ੍ਰਸਾਰ ਲਈ ਅਰੰਭੀ ਮੁਹਿੰਮ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ੍ਰ: ਬਲਬੀਰ ਸਿੰਘ, ਸ੍ਰ: ਕੁਲਦੀਪ ਸਿੰਘ ਬਾਵਾ, ਸ੍ਰ: ਹਰਭਜਨ ਸਿੰਘ ਮਨਾਂਵਾਂ, ਸ੍ਰ: ਬਿਜੈ ਸਿੰਘ, ਸੁਪ੍ਰਿਟੈਂਡੈਂਟ ਸ੍ਰ: ਸੰਤੋਖ ਸਿੰਘ, ਸੁਪਰਵਾਈਜਰ ਧਾਰਮਿਕ ਪ੍ਰੀਖਿਆ ਸ੍ਰ: ਤੇਜਿੰਦਰ ਸਿੰਘ ਪੱਡਾ, ਸੰਪਾਦਕ ਗੁਰਮਤਿ ਪ੍ਰਕਾਸ਼ ਸ੍ਰ: ਸਿਮਰਜੀਤ ਸਿੰਘ, ਇੰਚਾਰਜ ਅਮਲਾ ਸ੍ਰ: ਪਰਮਜੀਤ ਸਿੰਘ, ਅਕਾਉਟੈਂਟ ਸ੍ਰ: ਪਰਉਪਕਾਰ ਸਿੰਘ, ਇੰਚਾਰਜ ਗੁਰਮਤਿ ਪ੍ਰਕਾਸ਼ ਸ੍ਰ: ਪਰਮਜੀਤ ਸਿੰਘ, ਇੰਚਾਰਜ ਸਹਾਇਤਾ ਸ੍ਰ: ਗੁਰਮੀਤ ਸਿੰਘ ਅਤੇ ਜਗਜੀਤ ਸਿੰਘ, ਬੀਬੀ ਰਵਿੰਦਰ ਕੌਰ ਕੰਪਿਊਟਰ ਓਪਰੇਟਰ ਹਾਜਰ ਸੀ।