ਨਵੀਂ ਦਿੱਲੀ- ਵਿਤਮੰਤਰੀ ਪ੍ਰਣਬ ਮੁੱਖਰਜੀ ਨੇ ਆਪਣੇ ਵਿਭਾਗ ਵਲੋਂ ਭੇਜੀ ਗਈ ਚਿੱਠੀ ਦੇ ਸਬੰਧ ਵਿੱਚ ਆਪਣਾ ਬਿਆਨ ਬਦਲ ਕੇ ਗ੍ਰਹਿਮੰਤਰੀ ਪੀ ਚਿੰਦਾਬਰਮ ਤੇ ਛਾਏ ਸੰਕਟ ਦੇ ਬੱਦਲ ਹਾਲ ਦੀ ਘੜੀ ਦੂਰ ਕੀਤੇ। ਵਿਤਮੰਤਰਾਲੇ ਵਲੋਂ ਪ੍ਰਧਾਨਮੰਤਰੀ ਨੂੰ ਭੇਜੀ ਗਈ ਉਸ ਚਿੱਠੀ ਤੋਂ ਪਾਸਾ ਵੱਟ ਲਿਆ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਜੇ ਚਿੰਦਾਬਰਮ ਚਾਹੁੰਦੇ ਤਾਂ ਰਾਜਾ ਨੂੰ ਸਪੈਕਟਰਮ ਤੋਂ ਰੋਕ ਸਕਦੇ ਸਨ।
ਪ੍ਰਣਬ ਮੁੱਖਰਜੀ ਨੇ ਵਿੱਤੀ ਵਿਭਾਗ ਦੁਆਰਾ ਭੇਜੀ ਗਈ ਚਿੱਠੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘ਇਹ ਸਿਰਫ਼ ਵਿੱਤਮੰਤਰਾਲੇ ਦੀ ਚਿੱਠੀ ਨਹੀਂ ਸੀ। ਇਸ ਵਿੱਚ ਕਈ ਵਿਭਾਗਾਂ ਦੇ ਵਿਚਾਰ ਸ਼ਾਮਿਲ ਕੀਤੇ ਗਏ ਸਨ। ਚਿੱਠੀ ਅਧਿਕਾਰੀਆਂ ਵਲੋਂ ਤਿਆਰ ਕੀਤੀ ਗਈ ਸੀ।ਇਸ ਵਿੱਚ ਲਿਖੀਆਂ ਗਈਆਂ ਕਈ ਗੱਲਾਂ ਮੇਰੇ ਵਿਚਾਰ ਪ੍ਰਗਟ ਨਹੀਂ ਕਰਦੀਆਂ।’ ਜਿਕਰਯੋਗ ਹੈ ਕਿ 2007ਵਿੱਚ ਯੂਪੀਏ ਸਰਕਾਰ ਨੇ ਸਪੈਕਟਰਮ ਵੰਡਣ ਦੇ ਸਬੰਧ ਵਿੱਚ ਉਨ੍ਹਾਂ ਨੀਤੀਆਂ ਦਾ ਪਾਲਣ ਕੀਤਾ ਜੋ ਕਿ ਐਨਡੀਏ ਸਰਕਾਰ ਨੇ 2003 ਵਿੱਚ ਤਿਆਰ ਕੀਤੀਆਂ ਸਨ। ਪ੍ਰਣਬ ਦੇ ਮੀਡੀਆ ਸਾਹਮਣੇ ਬਿਆਨ ਦੇਣ ਸਮੇਂ ਗ੍ਰਹਿਮੰਤਰੀ ਪੀ ਚਿੰਦਾਬਰਮ ਅਤੇ ਕਪਿਲ ਸਿੱਬਲ ਵੀ ਮੌਜੂਦ ਸਨ। ਚਿੰਦਾਬਰਮ ਨੇ ਕਿਹਾ ਕਿ ਉਹ ਮੁੱਖਰਜੀ ਵਲੋਂ ਦਿੱਤੇ ਗਏ ਬਿਆਨ ਸੰਤੁਸ਼ਟ ਹਨ।
ਯੂਪੀਏ ਸਰਕਾਰ ਇਨ੍ਹਾਂ ਦੋਵਾਂ ਮੰਤਰੀਆਂ ਦੌਰਾਨ ਚਲ ਰਹੇ ਮੱਤਭੇਦਾਂ ਕਰਕੇ ਪਿੱਛਲੇ ਦਿਨੀ ਸੰਕਟ ਵਿੱਚ ਘਿਰੀ ਹੋਈ ਸੀ। ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵਲੋਂ ਚਿੱਠੀ ਕਰਕੇ ਮਚੇ ਸਿਆਸੀ ਬਵਾਲ ਨੂੰ ਠੰਢਾ ਕਰਨ ਦੀ ਕੋਸਿ਼ਸ਼ ਕੀਤੀ ਗਈ। ਸੋਨੀਆ ਨੇ ਪ੍ਰਣਬ ਨਾਲ ਹੋਈ ਮੀਟਿੰਗ ਦੌਰਾਨ ਸਾਫ਼ ਸ਼ਬਦਾਂ ਵਿੱਚ ਕਿਹਾ ਕਿ 2ਜੀ ਦੇ ਸਬੰਧ ਵਿੱਚ ਪੱਤਰ ਤੇ ਪੈਦਾ ਹੋਏ ਵਿਵਾਦ ਨੂੰ ਜਲਦ ਸੁਲਝਾਇਆ ਜਾਵੇ। ਇਸ ਤੋਂ ਬਾਅਦ ਵਿੱਤਮੰਤਰੀ ਅਤੇ ਗ੍ਰਹਿਮੰਤਰੀ ਨੇ ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ ਦੇ ਨਿਵਾਸ ਤੇ 25 ਮਿੰਟ ਤੱਕ ਮੁਲਾਕਾਤ ਕੀਤੀ ਅਤੇ ਪਰੈਸ ਸਾਹਮਣੇ ਆਪਣਾ ਬਿਆਨ ਦੇਣ ਲਈ ਸਹਿਮਤ ਹੋਏ।