ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਉੱਘੇ ਨਾਟਕਕਾਰ ਅਤੇ ਇਨਕਲਾਬੀ ਚਿੰਤਕ ਸ: ਗੁਰਸ਼ਰਨ ਸਿੰਘ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ: ਗੁਰਸ਼ਰਨ ਸਿੰਘ ਨੇ ਲਗਪਗ 60 ਵਰ੍ਹੇ ਸਿਰਫ ਪੰਜਾਬੀ ਥੀਏਟਰ ਨੂੰ ਹੀ ਆਮ ਲੋਕਾਂ ਤੀਕ ਨਹੀਂ ਪਹੁੰਚਾਇਆ ਸਗੋਂ ਧਰਤੀ ਦੇ ਦੁੱਖਾਂ, ਸੁਖਾਂ ਨੂੰ ਆਪਣੀਆਂ ਲਿਖਤਾਂ ਵਿੱਚ ਪਰੋ ਕੇ ਪੰਜਾਬੀਆਂ ਨੂੰ ਵਿਗਿਆਨਕ ਨਜ਼ਰੀਏ ਦੇ ਹਾਣੀ ਬਣਾਇਆ ਹੈ। ਉਨ੍ਹਾਂ ਆਖਿਆ ਕਿ ਸ: ਗੁਰਸ਼ਰਨ ਸਿੰਘ ਨੇ ਪਹਿਲਾਂ ਅੰਮ੍ਰਿਤਸਰ ਵਿਖੇ ਅਤੇ ਬਾਅਦ ਵਿੱਚ ਚੰਡੀਗੜ੍ਹ ਨੂੰ ਆਪਣਾ ਮੁਖ ਕੇਂਦਰ ਬਣਾ ਕੇ ਜਿਵੇਂ ਛੋਟੀ ਕਿਸਾਨੀ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਆਪਣੇ ਨਾਟਕਾਂ ਵਿੱਚ ਪੇਸ਼ ਕੀਤਾ ਉਥੇ ਸਮਾਜਿਕ ਕੁਰੀਤੀਆਂ ਤੇ ਵੀ ਨਸ਼ਤਰ ਚਲਾਈ। ਸ: ਢਿੱਲੋਂ ਨੇ ਆਖਿਆ ਕਿ ਸ: ਗੁਰਸ਼ਰਨ ਸਿੰਘ ਦਾ ਅਸਰ ਪੰਜਾਬ ਦੀਆਂ ਸਭ ਯੂਨੀਵਰਸਿਟੀਆਂ ਨਾਲੋਂ ਵਧੇਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਬੂਲਿਆ ਅਤੇ ਇਥੋਂ ਦੇ ਵਿਦਿਆਰਥੀਆਂ ਵਿੱਚ ਉਹ ਗਰਸ਼ਰਨ ਭਾਜੀ ਵਜੋਂ ਜਾਣੇ ਜਾਂਦੇ ਸਨ।
ਇਸੇ ਦੌਰਾਨ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿਖੇ ਡਾ: ਜਗਤਾਰ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਪੀ ਏ ਯੂ ਸਾਹਿਤ ਸਭਾ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਵਿੱਚ ਸ: ਗੁਰਸ਼ਰਨ ਸਿੰਘ ਨਾਟਕਕਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਰੰਗ ਮੰਚ ਨਾਲ ਸਬੰਧਿਤ ਅਧਿਆਪਕਾਂ ਡਾ: ਜਸਵਿੰਦਰ ਭੱਲਾ, ਡਾ: ਨਿਰਮਲ ਜੌੜਾ ਅਤੇ ਡਾ ਅਨਿਲ ਸ਼ਰਮਾ ਤੋਂ ਇਲਾਵਾ ਪੰਜਾਬੀ ਲੇਖਕ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਸ: ਗੁਰਸ਼ਰਨ ਸਿੰਘ ਨਾਲ ਬਿਤਾਏ ਵਕਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਿਰ ਤੋਂ ਲੈ ਕੇ ਪੈਰਾਂ ਤੀਕ ਉਤਸ਼ਾਹ ਦੇ ਸੋਮੇ ਸਨ। ਆਪਣੀਆਂ ਲਿਖਤਾਂ, ਨਾਟਕ ਪੇਸ਼ਕਾਰੀਆਂ ਅਤੇ ਸੇਵਾ ਦੇ ਬੋਲਾਂ ਨਾਲ ਉਨ੍ਹਾਂ ਨੇ ਪੰਜਾਬੀਆਂ ਨੂੰ ਅੱਧੀ ਸਦੀ ਤੋਂ ਵੱਧ ਸਮਾਂ ਅਗਵਾਈ ਪ੍ਰਦਾਨ ਕੀਤੀ।
ਸ: ਗੁਰਸ਼ਰਨ ਸਿੰਘ ਦਾ ਵਿਛੋੜਾ ਸਮੁੱਚੇ ਪੰਜਾਬੀ ਜਗਤ ਲਈ ਵੱਡਾ ਘਾਟਾ-ਡਾ: ਢਿੱਲੋਂ
This entry was posted in ਖੇਤੀਬਾੜੀ.