ਨਵੀਂ ਦਿੱਲੀ- ਕੇਂਦਰ ਸਰਕਾਰ ਅਜਿਹੀ ਰਣਨੀਤੀ ਬਣਾ ਰਹੀ ਹੈ ਜਿਸ ਨਾਲ ਲੋੜਵੰਦਾਂ ਨੂੰ ਸਿੱਧਾ ਲਾਭ ਮਿਲੇ। ਉਨ੍ਹਾਂ ਦੇ ਖਾਤਿਆਂ ਵਿੱਚ ਕਾਰਡ ਰਾਹੀਂ ਪੈਸਾ ਜਮ੍ਹਾਂ ਕਰਨ ਦੀ ਸਕੀਮ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਵਿਚੋਲੇ ਖ਼ਤਮ ਹੋ ਜਾਣਗੇ ਅਤੇ ਸਰਕਾਰ ਤੇ ਜਰੂਰਤਮੰਦਾਂ ਵਿੱਚਕਾਰ ਸਿੱਧਾ ਸੰਪਰਕ ਪੈਦਾ ਹੋਵੇਗਾ। ਭੋਜਨ ਦੇ ਅਧਿਕਾਰ ਦਾ ਬਿੱਲ ਅਗਲੇ ਸਤੱਰ ਵਿੱਚ ਹਰ ਹਾਲਤ ਵਿੱਚ ਪਾਸ ਕਰਵਾਇਆ ਜਾਵੇਗਾ, ਤਾਂ ਜੋ ਦੇਸ਼ ਵਿੱਚ ਭੁੱਖ ਨਾਲ ਕਿਸੇ ਦੀ ਮੌਤ ਨਾਂ ਹੋਵੇ।
ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਇੱਕ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਭੋਜਨ ਹਰ ਆਦਮੀ ਦਾ ਅਧਿਕਾਰ ਹੈ। ਇਸ ਬਿੱਲ ਨੂੰ ਪਾਸ ਕਰਵਾਉਣ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸਰਕਾਰ ਵਲੋਂ ਕੇਂਦਰੀ ਯੋਜਨਾਵਾਂ ਦੁਆਰਾ ਦਿੱਤਾ ਜਾਣ ਵਾਲਾ ਲਾਭ ਕਾਰਡ ਧਾਰਕਾਂ ਦੇ ਖਾਤਿਆਂ ਵਿੱਚ ਸਿੱਧਾ ਭੇਜਿਆ ਜਾਵੇਗਾ। ਸਰਕਾਰ ਇਹੀ ਕੋਸਿ਼ਸ਼ ਕਰ ਰਹੀ ਹੈ ਕਿ ਸਰਕਾਰ ਅਤੇ ਲੋੜਵੰਦਾਂ ਦਰਮਿਆਨ ਕੋਈ ਵਿਚੋਲਾ ਨਾਂ ਰਹੇ। ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਦਿਨ ਇਹ ਸਕੀਮ ਲਾਗੂ ਹੋ ਜਾਵੇਗੀ 50% ਭ੍ਰਿਸ਼ਟਾਚਾਰ ਉਸੇ ਦਿਨ ਹੀ ਖਤਮ ਹੋ ਜਾਵੇਗਾ।