ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਹਮਣੇ ਅੰਨਾ ਪਾਰਟੀ ਦੇ ਮੈਂਬਰ ਵਕੀਲ ਪਰਸ਼ਾਂਤ ਭੂਸ਼ਣ ਤੇ ਉਸ ਦੇ ਆਪਣੇ ਹੀ ਚੈਂਬਰ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਤਿੰਨ ਨੌਜਵਾਨਾਂ ਨੇ ਭੂਸ਼ਣ ਦੀ ਚੰਗੀ ਕੁੱਟਮਾਰ ਕੀਤੀ। ਭੂਸ਼ਣ ਤੇ ਹਮਲੇ ਦਾ ਕਾਰਨ ਉਸ ਦਾ ਕਸ਼ਮੀਰ ਬਾਰੇ ਦਿੱਤਾ ਗਿਆ ਬਿਆਨ ਸੀ।
ਭੂਸ਼ਣ ਤੇ ਹਮਲਾ ਕਰਨ ਵਾਲੇ ਸ੍ਰੀ ਰਾਮ ਸੈਨਾ ਨਾਲ ਸਬੰਧਿਤ ਹਨ। ਇੱਕ ਹਮਲਾਵਰ ਪੁਲਿਸ ਦੇ ਹੱਥੇ ਚੜ੍ਹਿਆ ਹੈ ਅਤੇ ਬਾਕੀ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਹਮਲਾਵਰਾਂ ਨੇ ਪਰਸ਼ਾਂਤ ਭੂਸ਼ਣ ਨੂੰ ਉਸ ਦੇ ਆਪਣੇ ਹੀ ਚੈਂਬਰ ਵਿੱਚ ਕੁਰਸੀ ਤੋਂ ਹੇਠਾਂ ਸੁੱਟ ਕੇ ਲਤਾਂ ਅਤੇ ਮੁਕਿਆਂ ਨਾਲ ਬੁਰੀ ਤਰ੍ਹਾਂ ਕੁਟਿਆ। ਮਾਰ ਖਾਣ ਤੋਂ ਬਾਅਦ ਭੂਸ਼ਣ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਸ ਨੇ ਪਿੱਛਲੇ ਦਿਨੀਂ ਵਾਰਾਣਸੀ ਵਿੱਚ ਇਹ ਕਿਹਾ ਸੀ ਕਿ ਕਸ਼ਮੀਰ ਵਿੱਚ ਜਨਮੱਤ ਕਰਵਾਉਣਾ ਚਾਹੀਦਾ ਹੈ। ਭੂਸ਼ਣ ਤੇ ਕੀਤੇ ਹਮਲੇ ਦੀ ਜਿੰਮੇਵਾਰੀ ਭਗਤ ਸਿੰਘ ਕਰਾਂਤੀ ਸੈਨਾ ਨੇ ਵੀ ਲਈ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਨੇ ਇਸ ਹਮਲੇ ਦੀ ਨਿੰਦਿਆ ਕੀਤੀ ਹੈ।