ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) – “ਪੰਜਾਬ ਦੇ ਵਿਚ ਇਕ ਸਾਂਝਾ ਮੋਰਚਾ ਬਣ ਰਿਹਾ ਹੈ ਜੋ ਛੇਤੀ ਹੀ ਹੋਂਦ ਵਿਚ ਆ ਜਾਵੇਗਾ ਜਿਸ ਵਿਚ ਕੁਝ ਰਾਸ਼ਟਰੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।” ਇਹ ਪ੍ਰਗਾਟਵਾ ਅੱਜ ਸ.ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਅਤੇ ਮੋਢੀ ਆਗੂ ਪੀਪਲਜ ਪਾਰਟੀ ਆਫ ਪੰਜਾਬ ਨੇ ਲੁਧਿਆਣਾ ਨੇੜਲੇ ਪਿੰਡ ਸਾਹਾਬਾਣਾ ਵਿਖੇ ਇਕ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਹ ਅੱਜ ਸ. ਟਕਸਾਲੀ ਅਕਾਲੀ ਆਗੂ ਸ. ਅਜੀਤ ਸਿੰਘ ਸਾਹਾਬਾਣਾ ਤੇ ਨੌਜਵਾਨ ਆਗੂ ਪੀ.ਪੀ.ਪੀ. ਸ. ਨਵਤੇਜ ਸਿੰਘ ਸਾਹਾਬਾਨਾ ਦੇ ਗ੍ਰਹਿ ਵਿਖੇ ਰਖਵਾਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਾਜਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਥੇ ਇਹ ਵਰਨਣਯੋਗ ਹੈ ਕਿ ਇਕ ਸਾਲ ਪਹਿਲਾਂ 13 ਅਕਤੂਬਰ ਨੂੰ ਪੰਜਾਬ ਸਿਰ ਚੜ੍ਹੇ ਹਜਾਰਾਂ ਕਰੋੜ ਦੇ ਕਰਜੇ ਨੂੰ ਕੇਂਦਰ ਸਰਕਾਰ ਕੋਲੋ ਮੁਆਫ ਕਰਵਾਉਣ ਦੀਆਂ ਕੋਸਿਸ਼ਾਂ ਦੌਰਾਨ ਪੰਜਾਬ ਮੰਤਰੀ ਮੰਡਲ ‘ਚੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ 14 ਅਕਤੂਬਰ ਨੂੰ ਇਸੇ ਪਿੰਡ ਸਾਹਾਬਾਣਾ ਵਿਖੇ ਪਹਿਲੇ ਇਕੱਠ ਨੂੰ ਸੰਬੋਧਨ ਕੀਤਾ ਸੀ।
ਸ. ਬਾਦਲ ਨੇ ਆਪਣੀ ਪਾਰਟੀ ਵਲੋਂ ਭ੍ਰਿਸ਼ਟਾਚਾਰ,ਅਨਪੜ੍ਹਤਾ ਅਤੇ ਗਰੀਬੀ ਹਟਾਉਣ ਦੇ ਮੁੱਦਿਆਂ ਤੇ ਗੱਲ ਕਰਦਿਆਂ ਕਿਹਾ ਕਿ ਜਿਹੜੀ ਗਰੀਬ ਦੀ ਗਰੀਬੀ ਹੈ ਇਹ ਸੌਖੀ ਨਹੀਂ ਨਿਕਲੂਗੀ ਪਰ ਨਿਕਲੂਗੀ ਜਰੂਰ। ਉਨ੍ਹਾ ਅੱਗੇ ਕਿਹਾ ਕਿ ਲੋਕਾਂ ਦੇ ਸਾਥ ਨਾਲ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣਾ ਔਖਾ ਜਰੂਰ ਹੈ ਪਰ ਨਾਮੁਮਕਿਨ ਨਹੀਂ। ਗਲਾ ਖਰਾਬ ਹੋਣ ਕਰਕੇ ਆਪਣੀ ਗੱਲ ਨੂੰ ਸਮੇਟਦਿਆਂ ਸ. ਬਾਦਲ ਨੇ ਅੰਤ ਵਿਚ ਕਿਹਾ ਕਿ ਪੰਜਾਬ ਨੂੰ ਤਰੱਕੀ ਦੀ ਪਟੜੀ ‘ਤੇ ਲਿਆਉਣ ਲਈ ਕੋਈ 10 ਤੋਂ 15 ਸਾਲ ਦਾ ਸਮਾਂ ਲੱਗੇਗਾ । ਇਸ ਮੌਕੇ ਸ. ਰਘਵੀਰ ਸਿੰਘ ਸਾਬਕਾ ਟਰਾਂਸਪੋਰਟ ਮੰਤਰੀ,ਸ. ਜਗਜੀਤ ਸਿੰਘ ਘੁੰਗਰਾਣਾ, ਸ. ਗੁਰਪ੍ਰੀਤ ਸਿੰਘ ਭੱਟੀ, ਹਰਪੀਤ ਸਿੰਘ ਹੈਰੀ,ਹਰਜੀਵਨ ਸਿੰਘ ਗਿੱਲ, ਸਤਪਾਲ ਜੋਸ਼ੀਲਾ, ਰਣਜੋਧ ਸਿੰਘ ਗਿੱਲ, ਕਾਮਰੇਡ ਮਹਾ ਸਿੰਘ ਰੋੜੀ, ਇੰਦਰਜੀਤ ਸਿੰਘ ਐਡਵੋਕੇਟ, ਕੇਦਾਰ ਸਿੰਘ ਕੋਹਾੜਾ, ਪ੍ਰੀਤਮ ਸਿੰਘ ਭਾਗਪੁਰ , ਗੁਰਚਰਨ ਸਿੰਘ ਜਮਾਲਪੁਰ ਤੇ ਬਲਜਿੰਦਰ ਸਿੰਘ ਪਾਂਗਲੀ ਵੀ ਹਾਜਰ ਸਨ।