ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਅਮਰੀਕੀ ਦੂਤ ਮਾਰਕ ਗਰਾਸਮੈਨ ਨਾਲ ਗੱਲਬਾਤ ਦੌਰਾਨ ਅਮਰੀਕਾ ਵਲੋਂ ਪਾਕਿਸਤਾਨ ਬਾਰੇ ਦਿੱਤੇ ਜਾ ਰਹੇ ਬਿਆਨਾਂ ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਕਰਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਤੇ ਉਲਟ ਪ੍ਰਭਾਵ ਪੈਂਦਾ ਹੈ।
ਰਾਸ਼ਟਰਪਤੀ ਜਰਦਾਰੀ ਨੇ ਇਹ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ਼ ਸੰਘਰਸ਼ ਵਿੱਚ ਸੱਭ ਤੋਂ ਵੱਧ ਯੋਗਦਾਨ ਅਤੇ ਬਲੀਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚਕਾਰ ਫਿਰ ਤੋਂ ਭਰੋਸਾ ਕਾਇਮ ਕਰਨ ਲਈ ਸੰਯੁਕਤ ਰੂਪ ਵਿੱਚ ਇੱਕ ਕਾਰਜ ਯੋਜਨਾ ਤਿਆਰ ਕਰਨ ਦੀ ਲੋੜ ਹੈ। ਜਰਦਾਰੀ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਅੱਤਵਾਦ ਦਾ ਕੋਈ ਹਲ ਨਹੀਂ ਕਢਿਆ ਜਾਂਦਾ ਪਾਕਿਸਤਾਨ ਅੱਤਵਾਦ ਦੇ ਵਿਰੁੱਧ ਲੜਾਈ ਜਾਰੀ ਰੱਖਣ ਲਈ ਵਚਨ-ਬੱਧ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਜ਼ਬਾਨੀ ਹਮਲੇ ਕਰਨ ਅਤੇ ਅੱਤਵਾਦ ਨਾਲ ਨਿਪਟਣ ਸਬੰਧੀ ਪਾਕਿਸਤਾਨ ਤੇ ਸਵਾਲ ਖੜ੍ਹੇ ਕਰਨ ਦਾ ਸੱਭ ਤੋਂ ਵੱਧ ਲਾਭ ਅੱਤਵਾਦੀਆਂ ਨੂੰ ਹੀ ਹੋਇਆ ਹੈ। ਰਾਸ਼ਟਰਪਤੀ ਜਰਦਾਰੀ ਨੇ ਨਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਕਿ ਇੱਕ ਦੂਸਰੇ ਦੇ ਖਿਲਾਫ਼ ਬਿਆਨਬਾਜ਼ੀ ਕਰਨ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਅਸਰ ਪਵੇਗਾ ਅਤੇ ਅੱਤਵਾਦ ਨਾਲ ਚਲ ਰਹੇ ਸੰਘਰਸ਼ ਲਈ ਸਾਂਝੇ ਯਤਨ ਪ੍ਰਭਾਵਿਤ ਹੋਣਗੇ।