ਭੋਪਾਲ- ਬੀਜੇਪੀ ਵਲੋਂ ਅਡਵਾਨੀ ਦੀ ਰੱਥਯਾਤਰਾ ਨੂੰ ਸਫਲ ਵਿਖਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਮੱਧਪ੍ਰਦੇਸ਼ ਵਿੱਚ ਭਾਜਪਾ ਦੇ ਨੇਤਾਵਾਂ ਵਲੋਂ ਮੀਡੀਆ ਵਿੱਚ ਰੱਥਯਾਤਰਾ ਨੂੰ ਚੰਗੀ ਕਵਰੇਜ਼ ਦੇਣ ਲਈ ਬੰਦ ਲਿਫ਼ਾਫਿਆਂ ਵਿੱਚ ਪੈਸੇ ਦਿੱਤੇ ਗਏ। ਮੱਧਪ੍ਰਦੇਸ਼ ਭਾਜਪਾ ਰਾਜ ਪ੍ਰਧਾਨ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੱਧਪ੍ਰਦੇਸ਼ ਦੇ ਰੀਵਾ ਜਿਲ੍ਹੇ ਵਿੱਚ ਭਾਜਪਾ ਦੇ ਨੇਤਾਵਾਂ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਸੀ। ਜਿਸ ਵਿੱਚ ਅਡਵਾਨੀ ਦੀ ਰੱਥਯਾਤਰਾ ਦੇ ਪ੍ਰੋਗਰਾਮ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਸੀ। ਇੱ ਪ੍ਰੈਸ ਕਾਨਫਰੰਸ ਵਿੱਚ ਰਾਜ ਦੇ ਲੋਕ ਨਿਰਮਾਣ ਮੰਤਰੀ, ਜਿਲ੍ਹਾ ਪ੍ਰਧਾਨ ਅਤੇ ਐਮਪੀ ਗਣੇਸ਼ ਸਿੰਘ ਵੀ ਮੌਜੂਦ ਸਨ। ਕਾਨਫਰੰਸ ਦੇ ਅੰਤ ਵਿੱਚ ਰੱਥ ਯਾਤਰਾ ਨੂੰ ਵਧੀਆ ਕਵਰੇਜ਼ ਦੇਣ ਲਈ ਕਿਹਾ ਗਿਆ ਅਤੇ ਨਾਲ ਹੀ ਮੌਜੂਦ ਪੱਤਰਕਾਰਾਂ ਨੂੰ ਬੰਦ ਲਿਫ਼ਾਫੇ ਵੰਡੇ। ਇਨ੍ਹਾਂ ਲਿਫ਼ਾਫਿਆਂ ਵਿੱਚ ਪ੍ਰੈਸ ਰਲੀਜ਼ ਦੀ ਜਗ੍ਹਾ ਇੱਕ-ਇੱਕ ਹਜ਼ਾਰ ਦੇ ਨੋਟ ਸਨ। ਕੁਝ ਪੱਤਰਕਾਰ ਲਿਫਾਫਿਆਂ ਵਿੱਚ ਨੋਟ ਵੇਖ ਕੇ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਗਏ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਕਿਹਾ ਕਿ ਇਸ ਨਾਲ ਭਾਜਪਾ ਦਾ ਚਰਿਤਰ ਉਜਾਗਰ ਹੋ ਗਿਆ ਹੈ। ਇੱਕ ਪਾਸੇ ਤਾਂ ਅਡਵਾਨੀ ਭ੍ਰਿਸ਼ਟਾਚਾਰ ਦੇ ਵਿਰੁੱਧ ਰੱਥ ਯਾਤਰਾ ਕੱਢ ਰਹੇ ਹਨ ਅਤੇ ਦੂਸਰੇ ਪਾਸੇ ਭਾਜਪਾ ਖੁਦ ਰਿਸ਼ਵਤ ਦੇ ਰਹੀ ਹੈ।