ਨਿਊਯਾਰਕ- ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕਾਰਪੋਰੇਟ ਜਗਤ ਦੇ ਖਿਲਾਫ਼ ‘ਆਕਿਊਪਾਏ ਵਾਲ ਸਟਰੀਟ’ ਅੰਦੋਲਨ ਦੀ ਲਹਿਰ ਪੂਰੇ ਵਿਸ਼ਵ ਵਿੱਚ ਫੈਲਦੀ ਜਾ ਰਹੀ ਹੈ। ਇਸ ਅੰਦੋਲਨ ਦੇ ਹੱਕ ਵਿੱਚ ਅਮਰੀਕਾ,ਯੌਰਪ ਅਤੇ ਏਸ਼ੀਆ ਦੇ ਕੁਝ ਖੇਤਰਾਂ ਵਿੱਚ ਲੋਕ ਸੜਕਾਂ ਤੇ ਆ ਗਏ ਹਨ। ਵਿਸ਼ਵ ਦੇ 80 ਦੇਸ਼ਾਂ ਦੇ 950 ਸ਼ਹਿਰਾਂ ਵਿੱਚ ਲੋਕਾਂ ਨੇ ਕਾਰਪੋਰੇਟ ਲੁਟ ਦੇ ਵਿਰੁੱਧ ਪ੍ਰਦਰਸ਼ਨ ਕੀਤੇ। ਕੁਝ ਸਥਾਨਾਂ ਤੇ ਪੁਲਿਸ ਅਤੇ ਵਿਖਾਵਾਕਾਰੀਆਂ ਵਿੱਚਕਾਰ ਝੜਪਾਂ ਵੀ ਹੋਈਆਂ। ਨਿਊਯਾਰਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਟਾਈਮਜ ਸਕਵਾਇਰ ਤੱਕ ਜਲੂਸ ਕਢਿਆ। ਟਰੈਫਿਕ ਵਿੱਚ ਅੜਚਨਾਂ ਆਉਣ ਕਰਕੇ ਵਿਖਾਵਾਕਾਰੀਆਂ ਦਾ ਪੁਲਿਸ ਨਾਲ ਟਕਰਾਅ ਵੀ ਹੋਇਆ ਅਤੇ 88 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।
ਲੰਡਨ ਵਿੱਚ ਵੀ ਸੇਂਟਪਾਲ ਕੈਥਰੇਡਲ ਦੇ ਬਾਹਰ 250 ਵਿਖਾਵਾਕਾਰੀਆਂ ਨੇ 70 ਦੇ ਕਰੀਬ ਟੈਂਟ ਲਗਾ ਦਿੱਤੇ ਹਨ ਅਤੇ ਅਣਮਿੱਥੇ ਸਮੇਂ ਤੱਕ ਉਥੇ ਟਿਕੇ ਰਹਿਣ ਦੀ ਗੱਲ ਕੀਤੀ ਹੈ।
ਇੱਟਲੀ ਦੀ ਰਾਜਧਾਨੀ ਰੋਮ ਵਿੱਚ ਵੀ ਲੋਕ ਸ਼ਾਂਤੀ ਪੂਰਵਕ ਢੰਗ ਨਾਲ ਰੈਲੀਆਂ ਕੱਢ ਰਹੇ ਸਨ ਫਿਰ ਵੀ ਕੁਝ ਨੌਜਵਾਨਾਂ ਦੀ ਪੁਲਿਸ ਨਾਲ ਝੱੜਪ ਹੋ ਗਈ ਅਤੇ ਟਕਰਾਅ ਵੱਧ ਗਿਆ। ਇਸ ਟਕਰਾਅ ਦੌਰਾਨ ਕੁਝ ਪ੍ਰਦਰਸ਼ਨਕਾਰੀ ਅਤੇ 26 ਪੁਲਿਸ ਕਰਮਚਾਰੀ ਜਖਮੀ ਹੋ ਗਏ। ਪੁਲਿਸ ਨੇ 12 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਯੌਰਪ ਦੇ ਦੂਸਰੇ ਸ਼ਹਿਰਾਂ ਵਿੱਚ ਰੋਸ ਮੁਜ਼ਾਹਿਰੇ ਸ਼ਾਂਤੀ ਪੂਰਵਕ ਰਹੇ। ਸਿਡਨੀ, ਟੋਕੀਓ, ਟੋਰਾਂਟੋ, ਹਾਂਗਕਾਂਗ,ਸਿਕਾਗੋ ਅਤੇ ਲਾਸ ਏਂਜਲਸ ਆਦਿ ਸ਼ਹਿਰਾਂ ਵਿੱਚ ਵੀ ਲੋਕਾਂ ਨੇ ਜਲੂਸ ਕੱਢੇ ਅਤੇ ਸੜਕਾਂ ਤੇ ਚਲ ਰਹੀਆਂ ਕਾਰਾਂ ਦੇ ਹਾਰਨ ਵਜਾ-ਵਜਾ ਕੇ ਲੋਕਾਂ ਨੇ ਉਨ੍ਹਾਂ ਦਾ ਸਮਰਥਣ ਕੀਤਾ।