ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਪੁੱਤਰ ਬਿਲਾਵਲ ਭੁਟੋ ਦੀ ਜਾਨ ਨੂੰ ਅਤਵਾਦੀ ਸੰਗਠਨਾਂ ਵਲੋਂ ਖ਼ਤਰਾ ਹੈ। ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਅਲਕਾਇਦਾ ਹੁਣ ਉਸ ਨੂੰ ਅਗਵਾ ਕਰਨ ਦੀਆਂ ਸਾਜਿਸ਼ਾਂ ਘੜ ਰਹੇ ਹਨ।
ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਮੁੱਖ ਖੁਫ਼ੀਆ ਏਜੰਸੀ ਨੇ ਤਾਲਿਬਾਨ ਅਤੇ ਅਲਕਾਇਦਾ ਦੇ ਖਤਰਨਾਕ ਇਰਾਦਿਆਂ ਦੀ ਸੂਚਨਾ ਦਿੱਤੀ ਹੈ। ਇਹ ਅਤੱਵਾਦੀ ਸੰਗਠਨ ਆਪਸ ਵਿੱਚ ਮਿਲ ਕੇ ਬਿਲਾਵੱਲ ਨੂੰ ਅਗਵਾ ਕਰ ਸਕਦੇ ਹਨ। ਗ੍ਰਹਿਮੰਤਰੀ ਨੇ ਕਿਹਾ ਕਿ ਬਿਲਾਵੱਲ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। 23 ਸਾਲਾ ਬਿਲਾਵੱਲ ਇਸ ਸਮੇਂ ਬ੍ਰਿਟੇਨ ਵਿੱਚ ਆਪਣੀ ਪੜ੍ਹਾਈ ਕਰ ਰਹੇ ਹਨ। ਬੇਨਜ਼ੀਰ ਦੀ ਮੌਤ ਤੋਂ ਬਾਅਦ ਬਿਲਾਵੱਲ ਨੂੰ ਪੀਪੀਪੀ ਦਾ ਪ੍ਰਧਾਨ ਬਣਾਇਆ ਗਿਆ ਸੀ। ਬਿਲਾਵੱਲ ਦੀ ਸੁਰੱਖਿਆ ਹੋਰ ਵੀ ਸਖਤ ਕਰ ਦਿੱਤੀ ਗਈ ਹੈ।