ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਲਾਨਾ ਇੰਟਰ ਕਾਲਜ ਯੁਵਕ ਮੇਲੇ ਦੇ ਦੂਸਰੇ ਦਿਨ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਵਿਰਸੇ ਦੀ ਸੰਭਾਲ ਵੱਲ ਸੁਚੇਤ ਹੋਵੇ ਕਿਉਂਕਿ ਇਸੇ ਵਿਚੋਂ ਹੀ ਵਿਕਾਸ ਦਾ ਰਾਹ ਨਿਕਲਦਾ ਹੈ। ਵਾਦ ਵਿਵਾਦ ਮੁਕਾਬਲਿਆਂ ਦੇ ਪ੍ਰਤੀਯੋਗੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਵਿਦੇਸ਼ ਜਾਣ ਦੀ ਹੋੜ ਵਿੱਚ ਆਪਣੇ ਦੇਸ਼ ਦਾ ਲਿਆਕਤ ਭਰਪੂਰ ਸਰਮਾਇਆ ਗੁਆਉਣਾ ਵੀ ਅਕਲਮੰਦੀ ਨਹੀਂ। ਡਾ: ਗੋਸਲ ਨੇ ਆਖਿਆ ਕਿ ਬਾਹਰਲੀ ਚਕਾਚੌਧ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ਾਂ ਵਿੱਚ ਜਾਣਾ ਅਕਲਮੰਦੀ ਨਹੀਂ ਸਗੋਂ ਆਪਣੀ ਲਿਆਕਤ ਦਾ ਸਹੀ ਮੁੱਲ ਇਥੇ ਵੀ ਹਾਸਿਲ ਕੀਤਾ ਜਾ ਸਕਦਾ ਹੈ।
ਕਾਵਿ ਉਚਾਰਨ ਅਤੇ ਹਾਸਰਸ ਮੁਕਾਬਲਿਆਂ ਦਾ ਉਦਘਾਟਨ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਸਤਿੰਦਰਪਾਲ ਸਿੰਘ ਸੰਘਾ ਨੇ ਕਰਦਿਆਂ ਆਖਿਆ ਕਿ ਕਵਿਤਾ ਜ਼ਿੰਦਗੀ ਦੀਆਂ ਬਾਰੀਕ ਤੰਦਾਂ ਨੂੰ ਜੋੜਨ ਵਾਲੀ ਸ਼ਕਤੀ ਹੈ ਅਤੇ ਮਨੁੱਖੀ ਮਨ ਦੀ ਕੋਮਲਤਾ ਕਾਇਮ ਰੱਖਣਾ ਸਾਡੀ ਸਭ ਤੋਂ ਵੱਡੀ ਜਿੰਮੇਂਵਾਰੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਆਖਿਆ ਕਿ ਵਿਗਿਆਨ ਅਤੇ ਸਾਹਿਤ ਦਾ ਸੁਮੇਲ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸੰਵੇਦਨਾ ਜਿਉਂਦੀ ਰਹਿੰਦੀ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਰੋਕਾਰਾਂ ਨੂੰ ਸੁਚੇਤ ਅੱਖ ਨਾਲ ਵੇਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਆਖਿਆ ਕਿ ਆਪਸੀ ਮੁਹੱਬਤ ਅਤੇ ਅਨੁਸਾਸ਼ਨ ਸਿੱਖਣ ਲਈ ਯੁਵਕ ਮੇਲੇ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।
ਮਿੱਟੀ ਦੇ ਖਿਡੌਣੇ ਬਣਾਉਣ ਦੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਜਸਵਿੰਦਰ ਕੌਰ ਸਾਂਘਾ ਨੇ ਆਖਿਆ ਕਿ ਰੱਬ ਮਿੱਟੀ ਦਾ ਬੰਦਾ ਬਣਾ ਕੇ ਉਸ ਵਿੱਚ ਜਾਨ ਪਾਉਂਦਾ ਹੈ ਪਰ ਕਲਾਕਾਰ ਮਿੱਟੀ ਵਿੱਚ ਜਾਨ ਪਾ ਕੇ ਆਪਣੇ ਖਿਡੌਣਿਆਂ ਨੂੰ ਬੋਲਣਯੋਗ ਬਣਾਉਂਦਾ ਹੈ। ਇਹ ਮਨੁੱਖੀ ਹੱਥਾਂ ਦੀ ਹੀ ਕਰਾਮਾਤ ਹੈ ਕਿ ਮਿੱਟੀ ਦੇ ਖਿਡੌਣੇ ਸਾਨੂੰ ਬਹੁਤ ਮਹੱਤਵਪੂਰਨ ਸੁਨੇਹਾ ਦੇ ਜਾਂਦੇ ਹਨ। ਪੋਸਟਰ ਮੇਕਿੰਗ ਮੁਕਾਬਲਿਆਂ ਦੀ ਪ੍ਰਧਾਨਗੀ ਡਾ: ਹਰਜੀਤ ਸਿੰਘ ਧਾਲੀਵਾਲ ਨੇ ਕੀਤੀ।
ਇਸ ਮੌਕੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਹੋਮ ਸਾਇੰਸ ਕਾਲਜ ਦੀ ਕਿਰਪਾ ਸੇਠ, ਦੂਜਾ ਇਨਾਮ ਬੇਸਿਕ ਸਾਇੰਸਜ਼ ਕਾਲਜ ਦੀ ਨੇਹਾ ਰਾਣੀ ਅਤੇ ਤੀਸਰਾ ਇਨਾਮ ਹੋਮ ਸਾਇੰਸ ਕਾਲਜ ਦੀ ਨੇਹਾ ਭੰਡਾਰੀ ਨੇ ਪ੍ਰਾਪਤ ਕੀਤਾ। ਵਾਦ ਵਿਵਾਦ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਪਹਿਲੇ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੂਜੇ ਅਤੇ ਹੋਮ ਸਾਇੰਸ ਕਾਲਜ ਤੀਜੇ ਸਥਾਨ ਤੇ ਰਿਹਾ। ਜਦ ਕਿ ਖੇਤੀਬਾੜੀ ਕਾਲਜ ਦੇ ਅੰ੍ਰਮਿਤਪਾਲ ਸਿੰਘ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਅਭੇ ਗਰੋਵਰ ਨੂੰ ਸਰਵੋਤਮ ਬੁਲਾਰੇ ਐਲਾਨਿਆ ਗਿਆ। ਯੁਵਕ ਮੇਲੇ ਦੇ ਸੰਗਠਨ ਸਕੱਤਰ ਡਾ: ਨਿਰਮਲ ਸਿੰਘ ਜੌੜਾ, ਡਿਪਟੀ ਡਾਇਰੈਕਟਰ ਡਾ: ਜਗਜੀਵਨ ਕੌਰ ਅਤੇ ਡਾ: ਦਲਜੀਤ ਸਿੰਘ ਢਿੱਲੋਂ ਨੇ ਵੱਖ ਵੱਖ ਸੈਸ਼ਨ ਦੌਰਾਨ ਧੰਨਵਾਦੀ ਸ਼ਬਦ ਕਹੇ। ਡਾ: ਸਵਰਨਦੀਪ ਸਿੰਘ ਹੁੰਦਲ ਅਤੇ ਡਾ: ਦਵਿੰਦਰ ਕੌਰ ਦਿਲਰੂਪ ਨੇ ਮੰਚ ਸੰਚਾਲਨ ਕੀਤਾ।