ਇਸਲਾਮਾਬਾਦ- ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਿਆਨੀ ਨੇ ਅਮਰੀਕਾ ਨੂੰ ਪਰਮਾਣੂੰ ਬੰਬ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਤਰੀ ਵਜ਼ੀਰਸਤਾਨ ਦੇ ਕਬਾਇਲੀ ਖੇਤਰ ਵਿੱਚ ਵਿੱਚ ਇੱਕਤਰਫ਼ੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਦਸ ਵਾਰ ਸੋਚਣਾ ਹੋਵੇਗਾ।
ਆਰਮੀ ਚੀਫ਼ ਦਾ ਕਹਿਣਾ ਹੈ ਕਿ ਅਮਰੀਕਾ ਪਾਕਿਸਤਾਨ ਦੀ ਤਾਕਤ ਨੂੰ ਘੱਟ ਨਜ਼ਰੀਏ ਨਾਲ ਵੇਖਣ ਦੀ ਗਲਤੀ ਨਾਂ ਕਰੇ। ਪਾਕਿਸਤਾਨ ਇੱਕ ਐਟਮੀ ਸ਼ਕਤੀ ਹੈ। ਪਾਕਿਸਤਾਨ ਤੇ ਕੋਈ ਵੀ ਕਾਰਵਾਈ ਕਰਨੀ ਅਮਰੀਕਾ ਨੂੰ ਮਹਿੰਗੀ ਪੈ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਰਾਕ ਜਾਂ ਅਫ਼ਗਾਨਿਸਤਾਨ ਨਹੀਂ ਹਾਂ। ਸਾਡੇ ਤੇ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਨੂੰ ਦਸ ਵਾਰ ਸੋਚਣਾ ਹੋਵੇਗਾ। ਜਨਰਲ ਕਿਆਨੀ ਨੇ ਇਹ ਸ਼ਬਦ ਜਨਰਲ ਹੈਡਕਵਾਟਰ ਵਿੱਚ ਦੋ ਸੰਸਦੀ ਕਮੇਟੀਆਂ ਦੇ ਮੈਂਬਰਾਂ ਨੂੰ ਰਾਸ਼ਟਰੀ ਸੁਰੱਖਿਆ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਕਹੇ। ਉਨ੍ਹਾਂ ਨੇ ਇਹ ਬਿਆਨ ਉਸ ਸਮੇਂ ਕਹੇ ਜਦੋਂ ਇੱਕ ਸੰਸਦ ਮੈਂਬਰ ਨੇ ਪਾਕਿਸਤਾਨ ਤੇ ਲਾਓਸ ਅਤੇ ਕੰਬੋਡੀਆ ਦੀ ਤਰ੍ਹਾਂ ਅਮਰੀਕੀ ਹਮਲੇ ਦੀ ਸੰਭਾਵਨਾ ਤੇ ਟਿਪਣੀ ਕਰਨ ਨੂੰ ਕਿਹਾ ਗਿਆ।
ਜਨਰਲ ਕਿਆਨੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਪਾਕਿਸਤਾਨ ਹਕਾਨੀ ਗਰੁੱਪ ਦਾ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਅਫ਼ਗਾਨਿਸਤਾਨ ਵਿੱਚ ਬ੍ਰਿਟੇਨ ਅਤੇ ਸੋਵੀਅਤ ਸੰਘ ਅੱਤਵਾਦ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹੇ ਹਨ ਤਾਂ ਪਾਕਿਸਤਾਨ ਤੋਂ ਕਿਉਂ ਉਮੀਦ ਕੀਤੀ ਜਾ ਰਹੀ ਹੈ।