ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਦੀ ਜੰਗ ਦੇ ਸਮਾਪਤ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਵਾਪਿਸ ਆ ਜਾਣਗੇ।
ਅਮਰੀਕਾ ਦੀ ਆਰਮੀ ਪਿੱਛਲੇ 9 ਸਾਲਾਂ ਤੋਂ ਇਰਾਕ ਵਿੱਚ ਡੇਰਾ ਜਮਾ ਕੇ ਬੈਠੀ ਹੋਈ ਹੈ। ਕਿਸੇ ਸਮੇਂ ਇਰਾਕ ਵਿੱਚ ਅਮਰੀਕੀ ਸੈਨਿਕਾਂ ਦੀ ਸੰਖਿਆ 1,65,000 ਤੱਕ ਪਹੁੰਚ ਗਈ ਸੀ। ਅਜੇ ਵੀ 39 ਹਜ਼ਾਰ ਅਮਰੀਕੀ ਸੈਨਿਕ ਇਰਾਕ ਵਿੱਚ ਮੌਜੂਦ ਹਨ। ਓਬਾਮਾ ਨੇ ਕਿਹਾ, ‘ਅਮਰੀਕਾ ਅਤੇ ਇਰਾਕ ਇਸ ਮੁੱਦੇ ਤੇ ਸਹਿਮਤ ਹਨ ਕਿ ਮੌਜੂਦਾ ਹਾਲਾਤ ਵਿੱਚ ਅੱਗੇ ਕਿਸ ਤਰ੍ਹਾਂ ਵੱਧਣਾ ਹੈ। ਅਸੀਂ ਇਸ ਗੱਲ ਤੇ ਵੀ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਅਮਰੀਕਾ ਕਿਸ ਤਰ੍ਹਾਂ ਇਰਾਕੀ ਸੈਨਿਕਾਂ ਦੀ ਮਦਦ ਜਾਰੀ ਰੱਖ ਸਕਦਾ ਹੈ।’ ਉਨ੍ਹਾ ਕਿਹਾ ਕਿ ਸਾਡੀ ਸੈਨਾ ਅਮਰੀਕੀ ਲੋਕਾਂ ਦੇ ਸਮਰਥਣ ਨਾਲ ਆਪਣਾ ਸਿਰ ਉਚਾ ਕਰਕੇ ਵਾਪਿਸ ਆ ਰਹੇ ਹਨ।
ਰਾਸ਼ਟਰਪਤੀ ਬੁਸ਼ ਦੇ ਕਾਰਜਕਾਲ ਦੌਰਾਨ ਹੀ ਸੈਨਿਕਾਂ ਦੀ ਵਾਪਸੀ ਦਾ ਸਮਾਂ ਤੈਅ ਹੋ ਗਿਆ ਸੀ। ਅਮਰੀਕੀ ਸੈਨਾ ਦੀ ਪੂਰੀ ਤਰ੍ਹਾਂ ਵਾਪਸੀ ਤੇ ਬਹਿਸ ਹੁੰਦੀ ਰਹੀ ਹੈ। ਇਰਾਕ ਚਾਹੁੰਦਾ ਸੀ ਕਿ 5 ਹਜ਼ਾਰ ਅਮਰੀਕੀ ਸੈਨਿਕ ਅਜੇ ਇਰਾਕ ਵਿੱਚ ਬਣੇ ਰਹਿਣ ਅਤੇ ਇਰਾਕੀ ਆਰਮੀ ਨੂੰ ਟਰੇਨਿੰਗ ਦੇਣ ਪਰ ਉਨ੍ਹਾਂ ਨੂੰ ਇਰਾਕੀ ਕਾਨੂੰਨ ਤੋਂ ਕੋਈ ਵੀ ਰਿਆਇਤ ਨਹੀਂ ਮਿਲੇਗੀ। ਅਮਰੀਕੀ ਸੈਨਾ ਨੂੰ ਇਹ ਸ਼ਰਤ ਮਨਜੂਰ ਨਹੀਂ ਸੀ।