ਫ਼ਰੀਮਾਂਟ ਵਿਖੇ ਪੰਜਾਬੀ ਸਾਹਿਤ ਸਭਾ ਕੈਲੇÌੋਰਨੀਆ (ਬੇਅ ਏਰੀਆ ਇਕਾਈ) ਵਲੋਂ ਇਕ ਵਿਸ਼ੇਸ਼ ਭਰਵੀਂ ਸਾਹਿਤਕ ਮਿਲਣੀ ਕਰਵਾਈ ਗਈ। ਜਿਸ ਵਿਚ ਰਾਠੇਸ਼ਵਰ ਸਿੰਘ ‘ਸੂਰਾਪੁਰੀ’ ਜੀ ਦਾ ਪਲੇਠਾ ਕਹਾਣੀ ਸੰਗ੍ਰਿਹ, ਕਹਾਣੀਕਾਰ ਡਾ. ਗੋਬਿੰਦਰ ਸਿੰਘ ਸਮਰਾਓ ਵਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮਿਲਣੀ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਜਨਰਲ ਸਕੱਤਰ ਨੀਲਮ ਸੈਣੀ ਨੂੰ ਮੰਚ ਸੰਚਾਲਨ ਲਈ ਸੱਦਾ ਦਿੱਤਾ। ਨੀਲਮ ਸੈਣੀ ਨੇ ਮੁੱਖ ਮਹਿਮਾਨ ਸੇਵਾ ਮੁਕਤ ਪ੍ਰਿੰਸੀਪਲ ਸ. ਐਚ. ਐਸ. ਗਿੱਲ, ਡਾ. ਗੋਬਿੰਦਰ ਸਿੰਘ ਸਮਰਾਓ, ਨਾਮਵਰ ਗੀਤਕਾਰ ਅਤੇ ਪੰਜਾਬੀ ਸਾਹਿਤ ਸਭਾ ਦੇ ਬਾਨੀ ਜਸਪਾਲ ਸਿੰਘ ਸੂਸ, ਉੱਘੇ ਕਹਾਣੀਕਾਰ ਰਾਬਿੰਦਰ ਸਿੰਘ ਅਟਵਾਲ ਅਤੇ ਸ਼ਿਰੋਮਣੀ ਕਵੀ ਸ੍ਰੀ ਆਜ਼ਾਦ ਜਲੰਧਰੀ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਰਾਠੇਸ਼ਵਰ ਸਿੰਘ ਸੂਰਾਪਰੀ ਜੀ ਨੇ ਰਸਮੀਂ ਤੌਰ ਤੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਸਾਹਿਤ ਸਭਾ, ਪ੍ਰੋ. ਹਰਭਜਨ ਸਿੰਘ, ਆਪਣੇ ਪਰਿਵਾਰ ਅਤੇ ਖ਼ਾਸ ਕਰਕੇ ਆਪਣੀ ਜੀਵਨ ਸਾਥਣ ਰਣਜੀਤ ਕੌਰ ਦਾ ਹਰ ਤਰ੍ਹਾਂ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਸਭਾ ਦੇ ਪ੍ਰਧਾਨ, ਕੁਲਦੀਪ ਸਿੰਘ ਢੀਂਡਸਾ ਨੇ ਆਪਣਾ ਪੇਪਰ ਪੜ੍ਹਦੇ ਹੋਏ ‘ਝਿੜੀ ਵਾਲਾ ਖੂਹ’ ਕਹਾਣੀ ਸੰਗ੍ਰਿਹ ਵਿਚ ਸ਼ਾਮਿਲ 13 ਕਹਾਣੀਆਂ ਦਾ ਵਿਸਥਾਰ ਸਹਿਤ ਵਿਸ਼ਲੇਸ਼ਨ ਕਰਦੇ ਹੋਏ ਕਿਹਾ ਕਿ “ਰਾਠੇਸ਼ਵਰ ਸਿੰਘ ‘ਸੂਰਾਪਰੀ’ ਦੀਆਂ ਕਹਾਣੀਆਂ ਦੀ ਭਾਸ਼ਾ ਬਹੁਤ ਸਰਲ, ਆਮ ਪਾਠਕ ਦੇ ਸਮਝ ਵਿਚ ਆੳਣ ਵਾਲੀ ਅਤੇ ਮੁਹਾਬਰਾ ਭਰਭੂਰ ਹੈ। ਆਪਣੀਆਂ ਕਹਾਣੀਆਂ ਰਾਂਹੀ ਰਾਠੇਸ਼ਵਰ ਸਿੰਘ ‘ਸੂਰਾਪਰੀ’ ਨੇ ਇਹ ਸਿੱਧ ਕਰ ਦਿਤਾ ਹੈ ਕਿ ਉਹ ਆਪਣੇ ਪਿੰਡ ਦਾ ਸਾਬਿਕਾ ਸਰਪੰਚ ਹੀ ਨਹੀਂ ਸਗੋਂ ਉਹ ਮੌਜੂਦਾ ਕਹਾਣੀਕਾਰਾਂ ਦਾ ਨੰਬਰਦਾਰ ਵੀ ਹੈ। ਇਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਪਾਠਕ ਅੱਕਦਾ ਅਤੇ ਥੱਕਦਾ ਨਹੀ ।‘ਸੁਰਾਪੁਰੀ’ ਹਰ ਗਲ ਬੜੀ ਸੋਚ ਸਮਝ ਕੇ ਕਰਨ ਵਾਲਾ ਇਕ ਵਧੀਆ ਨੇਕ ਅਤੇ ਨਰਮ ਦਿਲ ਇਨਸਾਨ, ਇੱਕ ਤਜਰਬੇਕਾਰ ਰਾਜਨੀਤਕ ਲੀਡਰ, ਸਮਾਜ ਸੁਧਾਰਿਕ, ਚਿੰਤਕ, ਦੂਸਰੇ ਦੀ ਮਾਨਸਿਕ ਹਾਲਤ ਸਮਝਣ ਵਾਲਾ ਵਿਅਕਤੀ, ਇਕ ਵਧੀਆ ਕਹਾਣੀਕਾਰ ਅਤੇ ਨਵੇਕਲੇ ਸਮਾਜ ਦਾ ਨਿਰਮਾਣਕਾਰੀ ਹੈ”।
‘ਸੂਰਾਪੁਰੀ’ ਜੀ ਦੇ ਭਤੀਜੇ ਇਕਬਾਲ ਸਿੰਘ ‘ਸੂਰਾਪੁਰੀ’ ਨੇ ਆਪਣੇ ਚਾਚਾ ਜੀ ਦੀ ਉੱਚੀ ‘ਤੇ ਸੁੱਚੀ ਸ਼ਖ਼ਸੀਅਤ ਨੂੰ ਬਿਆਨਦਿਆਂ ਅੱਗੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਸਾਹਿਤ ਨਾਲ ਬੜਾ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਹੈ। ਉਨ੍ਹਾਂ ਦੇ ਛੋਟੇ ਭਾਈ ਸ. ਗੁਰਕ੍ਰਿਪਾਲ ਸਿੰਘ ਸੂਰਾਪੁਰੀ ਵੀ ਪੰਜਾਬ ਦੇ ਨਾਮਵਰ ਪੰਜਾਬੀ ਫ਼ੋਕ ਸਿੰਗਰਾਂ ਵਿਚੋਂ ਇਕ ਹਨ ਅਤੇ ਸਾਡੇ ਚਾਚਾ ਜੀ ਨੇ ਇਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸਾਡਾ ਸਿਰ ਮਾਣ ਨਾਲ ਹੋਰ ਵੀ ਉੱਚਾ ਕਰ ਦਿੱਤਾ ਹੈ। ਪਰਮਿੰਦਰ ਸਿੰਘ ਪਰਵਾਨਾ ਨੇ ਆਪਣੇ ਸੰਖੇਪ ਪੇਪਰ ਵਿਚ ਇਨ੍ਹਾਂ ਕਹਾਣੀਆਂ ਦੀ ਰੌਚਿਕਤਾ ਅਤੇ ਲਿਖਣ ਢੰਗ ਦੀ ਪ੍ਰਸ਼ੰਸਾ ਕੀਤੀ। ਡਾ. ਗੋਬਿੰਦਰ ਸਿੰਘ ਸਮਰਾਓ ਨੇ ਕਿਹਾ ਕਿ ਸੂਰਾਪੁਰੀ ਜੀ ਦੀਆਂ ਕਹਾਣੀਆਂ ਕਹਾਣੀ ਕਲਾ ਦੇ ਵਿਧੀ ਵਿਧਾਨ ਤੇ ਪੂਰੀਆਂ ਉਤਰਦੀਆਂ ਹਨ ਅਤੇ ਇਹ ਕਹਾਣੀਆਂ ਪੜ੍ਹ ਕੇ ਇਨ੍ਹਾਂ ਦਾ ਇਹ ਕਹਾਣੀ ਸੰਗ੍ਰਿਹ ਪਲੇਠਾ ਨਹੀਂ ਜਾਪਦਾ ਸਗੋਂ ਪੋੜ੍ਰ ਅਵਸਥਾ ਦੇ ਕਿਸੇ ਸੁਲਝੇ ਹੋਏ ਕਹਾਣੀਕਾਰ ਦੀਆਂ ਸੁੰਦਰ ਰਚਨਾਵਾਂ ਦਾ ਸੰਗ੍ਰਿਹ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਦਿਲ ਨਿੱਝਰ, ਰਾਬਿੰਦਿਰ ਸਿੰਘ ਅਟਵਾਲ, ਨੀਲਮ ਸੈਣੀ, ਹਰਬੰਸ ਸਿੰਘ ਜਗਿਆਸੂ ਨੇ ਵੀ ਕਹਾਣੀਆਂ ਦੀ ਭਰਪੂਰ ਸ਼ਲਾਘਾ ਕੀਤੀ। ਪਿੰਰਸੀਪਲ ਐਚ. ਐਸ ਗਿੱਲ ਨੇ ਕਿਹਾ ਕਿ ‘ਝਿੜੀ ਵਾਲਾ ਖੂਹ’ ਪੜ੍ਹ ਕੇ ਮੈਨੂੰ ਅਤਿ ਪ੍ਰਸੰਨਤਾ ਹੋਈ ਹੈ ਅਤੇ ਮੈਂ ਸੂਰਾਪਰੀ ਜੀ ਅਤੇ ਪੰਜਾਬੀ ਸਹਿਤ ਸਭਾ ਨੂੰ ਇਸ ਉਪਰਾਲੇ ਦੀ ਹਾਰਦਿਕ ਵਧਾਈ ਦਿੰਦਾ ਹਾਂ। ਇਸ ਉਪਰੰਤ ਸੂਰਾਪਰੀ ਜੀ ਅਤੇ ਜਸਪਾਲ ਸੂਸ ਜੀ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।