ਇਸਲਾਮਾਬਾਦ- ਪਾਕਿਸਤਾਨ ਪਹੁੰਚੀ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਮੁਲਾਕਾਤ ਦੌਰਾਨ ਅਫ਼ਗਾਨਿਸਤਾਨ ਵਿੱਚ ਹਮਲਿਆਂ ਲਈ ਜਿੰਮੇਵਾਰ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਲਈ ਸਹਿਯੋਗ ਮੰਗਿਆ। ਹਿਲਰੀ ਕਲਿੰਟਨ ਨੇ ਅੱਤਵਾਦੀਆਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਆਪਣੇ ਗਵਾਂਢੀਆਂ ਨੂੰ ਡੰਗਣ ਲਈ ਸੱਪ ਨਹੀਂ ਪਾਲ ਸਕਦਾ।
ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਇੱਕ ਪੱਤਰਕਾਰ ਸੰਮੇਲਨ ਦੌਰਾਨ ਹਿਲਰੀ ਕਲਿੰਟਨ ਨੇ ਕਿਹਾ ਕਿ ਇਹ ਇੱਕ ਪੁਰਾਣੀ ਕਹਾਣੀ ਦੀ ਤਰ੍ਹਾਂ ਹੈ ਕਿ ਤੁਸੀਂ ਆਪਣੇ ਘਰ ਦੇ ਪਿੱਛਵਾੜੇ ਸੱਪ ਪਾਲ ਕੇ ਇਹ ਉਮੀਦ ਰੱਖੋ ਕਿ ਉਹ ਸਿਰਫ਼ ਤੁਹਾਡੇ ਗਵਾਂਢੀਆਂ ਨੂੰ ਹੀ ਡੰਗਣਗੇ। ਹਕਾਨੀ ਨੈਟਵਰਕ ਅਤੇ ਦੂਸਰੇ ਅੱਤਵਾਦੀ ਸੰਗਠਨਾਂ ਦਾ ਸਫਾਇਆ ਕਰਨ ਲਈ ਹਿਲਰੀ ਨੇ ਪਾਕਿਸਤਾਨ ਨੂੰ ਸਹਿਯੋਗ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅੱਤਵਾਦ ਦਾ ਸਫ਼ਾਇਆ ਕਰਨ ਨਾਲ ਕੰਮ ਨਹੀਂ ਚਲੇਗਾ। ਹਿਲਰੀ ਨੇ ਕਿਹਾ ਕਿ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਣਾ ਨਹੀਂ ਚਾਹੀਦਾ, ਭਾਂਵੇ ਉਹ ਅਮਰੀਕੀ, ਅਫ਼ਗਾਨਿਸਤਾਨੀ, ਪਾਕਿਸਤਾਨੀ ਜਾਂ ਕੋਈ ਹੋਰ ਹੋਵੇ।
ਪਾਕਿਸਤਾਨ ਦੀ ਇੱਕ ਮਹਿਲਾ ਨੇ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਨੂੰ ਕਿਹਾ ਕਿ ਪਾਕਿਸਤਾਨ ਇਸ ਸਮੇਂ ਕਈ ਸਮਸਿਆਵਾਂ ਨਾਲ ਘਿਰਿਆ ਹੋਇਆ ਹੈ ਅਤੇ ਅਮਰੀਕਾ ਨੂੰ ਹਰ ਸੰਭਵ ਸਹਿਯੋਗ ਦੇ ਰਿਹਾ ਹੈ, ਪਰ ਅਮਰੀਕਾ ਦਾ ਵਰਤਾਰਾ ਇੱਕ ਸੱਸ ਦੀ ਤਰ੍ਹਾਂ ਹੈ, ਜੋ ਕਦੇ ਵੀ ਸੰਤੁਸ਼ਟ ਨਹੀਂ ਹੁੰਦੀ। ਉਸ ਦੇ ਅਜਿਹਾ ਕਹਿਣ ਨਾਲ ਸੰਮੇਲਨ ਵਿੱਚ ਸ਼ਾਮਿਲ ਸੱਭ ਲੋਕ ਖੂਬ ਹੱਸੇ। ਹਿਲਰੀ ਨੇ ਵੀ ਹੱਸਦੇ ਹੋਏ ਕਿਹਾ ਕਿ ਭਰੋਸਾ ਰੱਖੋ ਹੁਣ ਅਸੀਂ ਪਹਿਲਾਂ ਨਾਲੋਂ ਚੰਗਾ ਕਰਾਂਗੇ।