ਨਵੀਂ ਦਿੱਲੀ- ਸੋਸ਼ਲ ਵਰਕਰ ਅਤੇ ਟੀਮ ਅੰਨਾ ਦੇ ਮੈਂਬਰ ਰਹਿ ਚੁੱਕੇ ਸਵਾਮੀ ਅਗਨੀਵੇਸ਼ ਨੇ ਅੰਨਾ ਹਜ਼ਾਰੇ ਦੇ ਮੁੱਖ ਸਾਥੀ ਅਰਵਿੰਦ ਕੇਜਰੀਵਾਲ ਤੇ ਗੈਰ ਸਰਕਾਰੀ ਸੰਗਠਨ ਇੰਡੀਆ ਅੰਗੇਸਟ ਕਰਪਸ਼ਨ (ਆਈਏਸੀ) ਨਾਲ ਸਬੰਧਿਤ 70 ਤੋਂ 80 ਲੱਖ ਰੁਪੈ ਗਲਤ ਤਰੀਕੇ ਨਾਲ ਕਢਵਾਉਣ ਦਾ ਅਰੋਪ ਲਗਾਇਆ ਹੈ।
ਅਗਨੀਵੇਸ਼ ਦਾ ਕਹਿਣਾ ਹੈ ਕਿ ਪਿੱਛਲੇ ਦਿਨੀਂ ਦਿੱਲੀ ਦੀ ਰਾਮਲੀਲਾ ਗਰਾਂਊਡ ਵਿੱਚ ਅੰਨਾ ਹਜ਼ਾਰੇ ਦੀ 12 ਦਿਨਾਂ ਦੀ ਭੁੱਖ ਹੜਤਾਲ ਦੌਰਾਨ 70 ਤੋਂ 80 ਲੱਖ ਰੁਪੈ ਦਾਨ ਵਿੱਚ ਮਿਲੇ ਸਨ। ਇਹ ਰਕਮ ਕੇਜਰੀਵਾਲ ਨੇ ਆਪਣੇ ਨਿਜੀ ਟਰੱਸਟ ਵਿੱਚ ਜਮ੍ਹਾਂ ਕਰਵਾ ਲਈ ਸੀ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜਿਹੜਾ ਅੰਦੋਲਨ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਲਈ ਸ਼ੁਰੂ ਹੋਇਆ ਸੀ, ਉਹ ਖੁਦ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਆਪਣੇ ਖਾਤੇ ਸਰਵਜਨਿਕ ਕਰਨ ਤੋਂ ਇਨਕਾਰ ਕਰ ਰਹੇ ਹਨ। ਕੋਰ ਕਮੇਟੀ ਨੇ ਕਈ ਵਾਰ ਆਈਏਸੀ ਦੇ ਨਾਂ ਤੇ ਖਾਤਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ, ਪਰ ਕੇਜਰੀਵਾਲ ਨੇ ਆਈਏਸੀ ਦੇ ਨਾਂ ਤੇ ਖਾਤਾ ਖੋਲ੍ਹਣ ਦੀ ਬਜਾਏ ਦਾਨ ਦੀ ਰਕਮ ਨੂੰ ਆਪਣੇ ਨਿਜੀ ਟਰਸੱਟ ਪਬਲਿਸ ਕਾਜ ਰੀਸਰਚ ਫਾਂਊਡੇਸ਼ਨ ਵਿੱਚ ਜਮ੍ਹਾ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇਸ ਅੰਦੋਲਨ ਤੋਂ ਉਮੀਦ ਲਗਾਈ ਬੈਠੇ ਕਰੋੜਾਂ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੈ।ਇੱਥੇ ਇਹ ਵਰਨਣਯੋਗ ਹੈ ਕਿ ਆਈਏਸੀ ਦੀ ਅਗਵਾਈ ਅੰਨਾ ਹਜ਼ਾਰੇ ਕਰਦੇ ਹਨ।