ਲੁਧਿਆਣਾ ਅਕਤੂਬਰ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਇੰਟਰ ਕਾਲਜ ਯੁਵਕ ਮੇਲੇ‘ਚ ਨਾਟਕ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਬਰਨਾਲਾ ਜ਼ਿਲੇ ਦੇ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਹੈ ਜਵਾਨੀ ਨੂੰ ਨਸ਼ਾਖੋਰੀ, ਭਰੂਣ ਹੱਤਿਆ, ਕੰਮਚੋਰੀ ਅਤੇ ਹੋਰ ਸਮਾਜਕ ਕੁਰੀਤੀਆਂ ਤੋਂ ਰੋਕਣ ਲਈ ਉਨ੍ਹਾਂ ਨੂੰ ਸਾਹਿਤ, ਚੰਗੇ ਸੰਗੀਤ ਅਤੇ ਕੋਮਲ ਕਲਾਵਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਉਨਾਂ ਆਖਿਆ ਕਿ ਜਿਹੜੇ ਪਿੰਡ ਜਾਂ ਸ਼ਹਿਰ ਦੇ ਗੱਭਰੂਆਂ ਦੀ ਸ਼ਾਮ ਵਿਹਲੀ ਨਹੀਂ, ਉਹ ਖੇਡ ਮੈਦਾਨ, ਕਿਸੇ ਧਾਰਮਕ ਕਾਰਜ ਜਾਂ ਸਾਰਥਕ ਕੰਮ ਵਿਚ ਲੱਗਦੇ ਹਨ, ਉਹ ਕਦੇ ਵੀ ਨਸ਼ਿਆਂ ਦੇ ਗੁਲਾਮ ਨਹੀਂ ਬਣਦੇ। ਸ. ਤੂਰ ਨੇ ਆਖਿਆ ਕਿ ਨਸ਼ੇਖੋਰੀ ਨੂੰ ਰੋਕਣ ਲਈ ਸਰਕਾਰੀ ਯਤਨ ਉਨਾਂ ਚਿਰ ਅਸਰਦਾਰ ਨਹੀਂ ਹੋ ਸਕਦੇ ਜਦ ਤੀਕ ਪੂਰਾ ਸਮਾਜ ਇਨ੍ਹਾਂ ਦੇ ਖਿਲਾਫ ਲਾਮ ਬੰਦ ਨਾ ਹੋਵੇ। ਉਨ੍ਹਾਂ ਆਖਿਆ ਕਿ ਉਹ ਜਿੱਥੇ ਵੀ ਜਾਂਦੇ ਹਨ, ਨਸ਼ਾਖੋਰੀ, ਭਰੂਣ ਹੱਤਿਆ ਅਤੇ ਹੋਰ ਸਮਾਜਕ ਕੁਰੀਤੀਆਂ ਦੇ ਖਿਲਾਫ਼ ਨਾਟਕ ਪੇਸ਼ਕਾਰੀਆਂ ਅਤੇ ਸਾਹਿਤ ਨੂੰ ਹਥਿਆਰ ਵਾਂਗ ਵਰਤਦੇ ਹਨ ਜਿਸ ਦਾ ਚੰਗਾ ਨਤੀਜਾ ਮਿਲਦਾ ਹੈ। ਉਨਾਂ ਯੂਨੀਵਰਸਿਟੀ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਨਾਟਕਾਂ ਦੀ ਸ਼ਾਮ ਸਿਰਮੌਰ ਨਾਟਕਕਾਰ ਸ. ਗੁਰਸ਼ਰਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤੀ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਸ. ਦੇਵਿੰਦਰ ਸਿੰਘ ਦੀਆਂ ਅਤੇ ਹੋਮ ਸਾਇੰਸ ਕਾਲਿਜ ਦੀ ਡੀਨ ਡਾ. ਨੀਰਮ ਗਰੇਵਾਲ ਨੇ ਗੁਰਪ੍ਰੀਤ ਸਿੰਘ ਤੂਰ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ, ਪੰਜਾਬੀ ਨਾਟ ਅਕੈਡਮੀ ਦੇ ਪ੍ਰਧਾਨ ਸ. ਸੰਤੋਖ ਸਿੰਘ ਸਖਾਣਾ ਅਤੇ ਪ੍ਰੀਤਮ ਸਿੰਘ ਭਰੋਵਾਲ ਤੋਂ ਇਲਾਵਾ ਜਜਮੈਂਟ ਲਈ ਆਏ ਨਾਟਕਕਾਰ ਕੇਵਲ ਧਾਲੀਵਾਲ, ਸਰਦਾਰਜੀਤ ਬਾਵਾ ਅਤੇ ਸੁਰਦਰਸ਼ਨ ਮੈਣੀ ਵੀ ਹਾਜ਼ਰ ਸਨ।
ਯੁਵਕ ਮੇਲੇ‘ਚ ਅੱਜ ਚਾਰ ਨਾਟਕਾਂ ਦੀ ਪੇਸ਼ਕਾਰੀ ਸਮੇਂ ਖੇਤੀਬਾੜੀ ਕਾਲਿਜ ਦਾ ਨਾਟਕ ‘ਸਪਾਰਟੇਕਸ, ਹੋਮ ਸਾਇੰਸ ਕਾਲਿਜ ਦਾ ‘ਗਾਥਾ ਰੁੱਖਾਂ ਅਤੇ ਕੁੱਖਾਂ ਦੀ‘ (ਲੇਖਕ ਸੋਮਪਾਲ ਹੀਰਾ), ਬੇਸਿਕ ਸਾਇੰਸਜ਼ ਕਾਲਜ ਦਾ ਸਾਵੀ (ਲੇਖਕ ਜਗਦੀਸ਼ ਸਚਦੇਵਾ) ਅਤੇ ਖੇਤੀ ਇੰਜਨੀਅਰਰਿੰਗ ਕਾਲਿਜ ਵੱਲੋਂ ਸੁਰਿੰਦਰ ਨਰੂਲਾ ਦਾ ਲਿਖਿਆ ਨਾਟਕ ‘ਸਰਹੱਦਾਂ ਹੋਰ ਵੀ ਨੇ‘ ਪੇਸ਼ ਕੀਤਾ ਗਿਆ। ਖੇਤੀ ਵਿਗਿਆਨੀ ਕਾਲਿਜ ਵਲੋਂ ਪੇਸ਼ ‘ਸਰਹੱਦਾਂ ਹੋਰ ਵੀ ਨੇ‘ ਨੂੰ ਪਹਿਲਾਂ, ‘ਗਾਥਾ ਰੁੱਖਾਂ ਅਤੇ ਕੁੱਖਾਂ ਦੀ‘ ਨੂੰ ਦੂਜਾ ਅਤੇ ‘ਸਪਾਰਟੇਕਸ‘ ਨੂੰ ਤੀਜਾ ਸਥਾਨ ਮਿਲਿਆ। ਸਕਿਟ ਮੁਕਾਬਲੇ‘ਚ ਖੇਤੀਬਾੜੀ ਕਾਲਿਜ ਪਹਿਲੇ, ਕਾਲਜ ਆਫ ਹੋਮ ਸਾਇੰਸ ਦੂਜੇ ਅਤੇ ਬੇਸਿਕ ਸਾਇੰਸਜ਼ ਕਾਲਿਜ ਤੀਜੇ ਸਥਾਨ ਤੇ ਰਿਹਾ। ਮਾਈਮ ਮੁਕਾਬਲੇ‘ਚ ਖੇਤੀ ਕਾਲਿਜ ਪਹਿਲੇ, ਖੇਤੀ ਇੰਜਨੀਅਰਿੰਗ ਕਾਲਿਜ ਦੂਜੇ ਅਤੇ ਹੋਮ ਸਾਇੰਸ ਕਾਲਿਜ ਤੀਜੇ ਸਥਾਨ ਤੇ ਰਿਹਾ। ਮੋਨੋਐਕਟਿੰਗ ਮੁਕਾਬਲਿਆਂ‘ਚ ਕਾਲਿਜ ਆਫ ਹੋਮ ਸਾਇੰਸ ਦੀ ਕਰਮਜੀਤ ਕੌਰ ਪਹਿਲੇ, ਖੇਤੀ ਇੰਜਨੀਅਰਿੰਗ ਕਾਲਿਜ ਦਾ ਵਿਕਾਸ ਤਿਵਾੜੀ ਦੂਜੇ ਅਤੇ ਬੇਸਿਕ ਸਾਇੰਸਜ਼ ਕਾਲਿਜ ਦੀ ਜਸਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ। ਮਿਮਿਕਰੀ ਮੁਕਾਬਲੇ‘ਚ ਪਹਿਲਾ ਸਥਾਨ ਖੇਤੀਬਾੜੀ ਕਾਲਿਜ ਦੇ ਜਸਰਮਨ ਸਿੰਘ ਬੇਦੀ ਨੇ ਹਾਸਲ ਕੀਤਾ ਜਦਕਿ ਬੇਸਿਕ ਸਾਇੰਸਜ਼ ਕਾਲਿਜ ਦੇ ਨਵਦੀਪ ਗਰੇਵਾਲ ਨੂੰ ਦੂਜਾ ਅਤੇ ਖੇਤੀਬਾੜੀ ਕਾਲਿਜ ਦੇ ਪਵਿੱਤਰ ਸਿੰਘ ਨੂੰ ਤੀਜਾ ਸਥਾਨ ਮਿਲਿਆ।