ਲੁਧਿਆਣਾ,(ਪਰਮਜੀਤ ਸਿੰਘ ਬਾਗੜੀਆ) – ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਦੂਜੇ ਪਰਲ ਵਰਲਡ ਕਬੱਡੀ ਕੱਪ ਵਿਚ ਭਾਗ ਲੈਣ ਲਈ ਕੈਨੇਡਾ ਦੀ ਕਬੱਡੀ ਟੀਮ ਵੀ ਪੂਰੀ ਤਿਆਰ ਬਰ ਤਿਆਰ ਹੈ। ਕੇਨੇਡਾ ਤੋਂ ਪੁੱਜੇ ਟੀਮ ਦੇ ਪ੍ਰਬੰਧਕਾਂ ਤੇ ਪ੍ਰਮੋਰਟ੍ਰਾਂ ਨੇ ਸਮੁੱਚੀ ਟੀਮ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੂਜੇ ਵਰਲਡ ਕਬੱਡੀ ਕੱਪ ਉੱਪਰ ਠੋਕਵਾਂ ਦਾਅਵਾ ਜਿਤਾਇਆ ਹੈ। ਟੀਮ ਨਾਲ ਪੁੱਜੇ ਸ. ੳਂਕਾਰ ਸਿੰਘ ਗਰੇਵਾਲ ਪ੍ਰਧਾਨ ੳਨਟਾਰੀਓ ਫੈਡਰੇਸ਼ਨ ਆਫ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਸੀਂ ਕੈਨੇਡਾ ਦੀਆਂ ਸਾਰੀਆਂ ਚਾਰ ਕਬੱਡੀ ਫੈਡਰੇਸ਼ਨਾਂ ਨੇ ਮਿਲ ਕੇ ਈਸਟ ਤੇ ਵੈਸਟ ਕੈਨੇਡਾ ਵਸਦੇ ਚੋਟੀ ਦੇ ਕਬੱਡੀ ਖਿਡਾਰੀਆਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਹੈ ਜਿਸ ਵਿਚ ਸਪੋਰਟਸ ਐਂਡ ਕਲਚਰਲ ਫੈਡਰੇਸ਼ਨ ਆਫ ੳਨਟਾਰੀਓ ਦੇ ਪ੍ਰਧਾਨ ਜੋਗਾ ਸਿੰਘ ਕੰਗ, ਕੈਨੇਡਾ ਵੈਸਟਰਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਖ ਪੰਧੇਰ ਅਤੇ ਵੈਸਟਰਨ ਪਲੇਅਰਜ ਐਂਡ ਕਲਚਰਲ ਐਸ਼ੋਸੀਏਸਨ ਆਫ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਰਣਜੀਤ ਸਿੰਘ ਦਾਰਾ ਮੁਠੱਡਾ ਦਾ ਸਾਂਝਾ ਯੋਗਦਾਨ ਹੈ। ਸ. ਗਰੇਵਾਲ ਨੇ ਮੀਡੀਆਂ ਨੂੰ ਮੁਖਾਤਬ ਹੁੰਦਿਆਂ ਦੱਸਿਆਂ ਕਿ ਭਾਵੇਂ ਅਸੀ ਪ੍ਰਵਾਸੀ ਵੀ ਖਾਸ ਕਰ ਕੈਨੇਡਾ ਵਾਲੇ ਪਿਛਲੇ 21 ਸਾਲਾਂ ਤੋਂ ਟੌਰੰਟੋ ਵਿਖੇ ਵਰਲਡ ਕਬੱਡੀ ਕੱਪ ਕਰਵਾ ਰਹੇ ਹਾਂ ਪਰ ਪੰਜਾਬ ਸਰਕਾਰ ਵਲੋਂ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁਖ ਮੰਤਰੀ ਪੰਜਾਬ ਵਲੋਂ ਪੰਜਾਬ ਵਿਚ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਕਰਕੇ ਤੇ ਇਸਦਾ ਸਫਲ ਆਯੋਜਨ ਕਰਕੇ ਕਬੱਡੀ ਨੂੰ ਨਵੀਂ ਦਿਸ਼ਾ ਤੇ ਮੁਕਾਮ ਦਿੱਤਾ ਹੈ ਬਿਨਾ ਸ਼ੱਕ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਕਬੱਡੀ ਦੇ ਇਨ੍ਹਾਂ ਉਪਰਾਲਿਆਂ ਨੂੰ ਉਲਪਿੰਕ ਖੇਡਾਂ ਵਿਚ ਕਬੱਡੀ ਦੇ ਦਾਖਲੇ ਦੇ ਵੱਡੇ ਕਦਮ ਵਜੋਂ ਦੇਖ ਰਹੇ ਹਨ।
ਸ. ਗਰੇਵਾਲ ਨੇ ਦੱਸਿਆ ਕਿ ਕੈਨੇਡਾ ਦੀ ਟੀਮ ਦੇ ਮੈਨੇਜਰ ਸੁਖਪਾਲ ਸਿੰਘ ਰਾਠੌਰ ਅਤੇ ਟੀਮ ਕੋਚ ਪਰਮਜੀਤ ਸਿੰਘ ਪੰਮਾ ਦਿਓਲ ਬਣੇ ਹਨ । ਟੀਮ ਦੇ ਸਾਰੇ ਖਿਡਾਰੀਆਂ ਬਾਰੇ ਦੱਸਦਿਆਂ ਉਨ੍ਹਾਂ ਆਖਿਆ ਕਿ ਕੈਨੇਡਾ ਦੀ ਟੀਮ ਦਾ ਕੈਪਟਨ ਜਸਜੀਤ ਸਿੰਘ ਜੱਸਾ ਸਿੱਧਵਾਂ ਅਤੇ ਉਪ ਕੈਪਟਨ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰ ਨੂੰ ਬਣਾਇਆ ਗਿਆ ਹੈ। ਟੀਮ ਵਿਚ ਚੁਣੇ ਗਏ ਹੋਰ ਖਿਡਾਰੀ ਕੁਲਦੀਪ ਸਿੰਘ ਕੀਪਾ ਬੱਧਨੀ, ਗੁਰਪ੍ਰੀਤ ਸਿੰਘ ਬੁਰਜ ਹਰੀ, ਸੰਦੀਪ ਸਿੰਘ ਕੰਗ ਲੱਲੀਆਂ, ਪੰਮਾ ਧੰਜੂ, ਹਰਮੀਕ ਸਿੰਘ ਮੀਕਾ ਡੁਮੇਲੀ, ਬਲਜੀਤ ਸੈਦੋਕੇ, ਸੰਦੀਪ ਗੁਰਦਾਸਪੁਰ, ਹਰਦੀਪ ਤਾਊ, ਪੰਮਾ ਝੰਡੇਰ, ਪਿੰਦੀ ਗਿੱਦੜਵਿੰਡੀ, ਤੇ ਹੈਪੀ ਰੁੜਕਾ ਸ਼ਾਮਲ ਹਨ। ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਪੁੱਜੇ ਕੈਨੇਡਾ ਦੇ ਕਬੱਡੀ ਪ੍ਰਮੋਰਟ੍ਰਾਂ ਪੰਮਾ ਦਿਓਲ, ਕਰਨ ਘੁਮਾਣ, ਸੁਖਜੀਤ ਸਮਰਾ, ਤਰਸੇਮ ਦਿਓਲ, ਸੁਖਪਾਲ ਸਿੰਘ ਜਲੰਧਰ, ਸੁਖਵਿੰਦਰ ਸੁੱਖੀ ਗਰੇਵਾਲ,ਪਰਮਜੀਤ ਸਿੰਘ ਬੋਲੀਨਾ, ਧਾਰੀਵਾਲ, ਸੁੱਖੀ ਢਿੱਲੋਂ ਅਤੇ ਸਰਬਜੀਤ ਸਿੰਘ ਪਨੇਸਰ ਦਾ ਵੀ ਉਚੇਚਾ ਧੰਨਵਾਦ ਕੀਤਾ। ਕੈਨੇਡਾ ਟੀਮ ਲਈ ਮੀਡੀਆ ਤਾਲਮੇਲ ਦੀ ਜਿੰਮੇਵਾਰੀ ਪੱਤਰਕਾਰ ਅਵਤਾਰ ਨੰਦਪੁਰੀ, ਹਰਮਿੰਦਰ ਢਿੱਲੋਂ ਤੇ ਪਰਮਜੀਤ ਬਾਗੜੀਆ ਨੇ ਨਿਭਾਈ।