ਪੈਰਿਸ- ਸੰਯੁਕਤ ਰਾਸ਼ਟਰ ਦੀ ਸੰਸਕ੍ਰਿਤੀ ਨਾਲ ਸਬੰਧਤ ਸੰਸਥਾ ਯੂਨੈਸਕੋ ਦੀ ਸੰਪੂਰਨ ਮੈਂਬਰਸਿਪ ਹਾਸਿਲ ਕਰਨ ਦੀ ਫ਼ਲਸਤੀਨੀ ਨੇਤਾਵਾਂ ਦੀ ਕੋਸਿਸ਼ ਕੂਟਨੀਤਕ ਖਿਚੋਤਾਣ ਦੇ ਬਾਵਜੂਦ ਸਫਲ ਹੋ ਗਈ ਹੈ। ਅਮਰੀਕਾ ਅਤੇ ਇਸਰਾਈਲ ਫ਼ਲਸਤੀਨ ਨੂੰ ਇਹ ਮੈਂਬਰਸਿ਼ਪ ਦੇਣ ਦੇ ਵਿਰੁੱਧ ਸਨ। ਅਮਰੀਕਾ ਨੇ ਤਾਂ ਯੂਨੈਅਕੋ ਨੂੰ ਦਿੱਤੇ ਜਾਣ ਵਾਲੇ ਆਰਥਿਕ ਯੋਗਦਾਨ ਵਿੱਚ ਕਟੌਤੀ ਕਰਨ ਦੀ ਵੀ ਧਮਕੀ ਦਿੱਤੀ ਸੀ।
ਫ਼ਲਸਤੀਨ ਵਲੋਂ ਸੰਪੂਰਨ ਮੈਂਬਰਸਿਪ ਦਾ ਇਹ ਦਾਅਵਾ ਇੱਕ ਤਰ੍ਹਾਂ ਦਾ ‘ਟੈਸਟ ਕੇਸ’ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਫ਼ਲਸਤੀਨ ਮੁੱਦੇ ਤੇ ਨਵੰਬਰ ਵਿੱਚ ਵੋਟਿੰਗ ਹੋਣੀ ਹੈ। ਇਸਰਾਈਲ ਨੇ ਕਿਹਾ ਕਿ ਇਸ ਨਾਲ ਮੱਧ-ਪੂਰਬ ਵਿੱਚ ਦੁਬਾਰਾ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਯਤਨਾਂ ਨੂੰ ਠੇਸ ਪਹੁੰਚੇਗੀ।ਇਸਰਾਈਲੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਵੋਟਿੰਗ ਦਾ ਮਤੱਲਬ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਕੀਤੇ ਜਾ ਰਹੇ ਸ਼ਾਂਤੀ ਵਧਾਉਣ ਦੇ ਯਤਨਾਂ ਨੂੰ ਨਕਾਰਨਾ ਹੈ।
ਫ਼ਲਸਤੀਨੀ ਨੇਤਾਵਾਂ ਦੀ ਇਹ ਬਹੁਤ ਭਾਰੀ ਜਿੱਤ ਹੈ। ਅਮਰੀਕਾ ਅਤੇ ਇਸਰਾਈਲ ਦੇ ਵਿਰੋਧ ਦੇ ਬਾਵਜੂਦ 173 ਵਿੱਚੋਂ 107 ਮੈਂਬਰ ਦੇਸ਼ਾਂ ਨੇ ਫ਼ਲਸਤੀਨ ਦੇ ਹੱਕ ਵਿੱਚ ਵੋਟ ਦਿੱਤੀ। 14 ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਅਤੇ 40 ਦੇਸ਼ਾਂ ਨੇ ਆਪਣੀ ਵੋਟ ਦੀ ਵਰਤੋਂ ਨਹੀਂ ਕੀਤੀ। ਅਮਰੀਕਾ ਨੇ ਫ਼ਲਸਤੀਨ ਨੂੰ ਅਸਫ਼ਲ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ ਅਤੇ ਉਸ ਦਾ ਕਹਿਣਾ ਹੈ ਕਿ ਇਸ ਦੇ ਨਾਕਾਰਤਮਕ ਪਰਿਣਾਮ ਨਿਕਲਣਗੇ।ਅਮਰੀਕਾ ਨੇ 1990 ਵਿੱਚ ਇੱਕ ਕਨੂੰਨ ਪਾਸ ਕੀਤਾ ਸੀ ਕਿ ਉਹ ਸੰਯੁਕਤ ਰਾਸ਼ਟਰ ਦੀ ਉਸ ਸੰਸਥਾ ਦੀ ਆਰਥਿਕ ਸਹਾਇਤਾ ਵਿੱਚ ਕਟੌਤੀ ਕਰ ਸਕਦਾ ਹੈ ਜਿਸ ਵਿੱਚ ਫ਼ਲਸਤੀਨ ਨੂੰ ਸੰਪੂਰਨ ਮੈਂਬਰਸਿ਼ਪ ਦਿੱਤੀ ਜਾਵੇਗੀ।