ਅੰਮ੍ਰਿਤਸਰ:- ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨਵੇਂ ਐਲੀਵੇਟਿਡ ਰੋਡ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਦੇ ਨਾਲ ਹੀ ਇਸ ਰੋਡ ਆਵਾਜਾਈ ਸ਼ੁਰੂ ਹੋਣ ਸੰਗਤਾਂ ਵਿੱਚ ਖੁਸ਼ੀ ਦਾ ਮਾਹੌਲ ਫ਼ੈਲ ਗਿਆ। ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਟ੍ਰੈਫ਼ਿਕ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਗ੍ਹਾ-ਜਗ੍ਹਾ ਟ੍ਰੈਫ਼ਿਕ ਜਾਮ ਹੁੰਦਾ ਸੀ। ਹੁਣ ਇਨ੍ਹਾਂ ਮੁਸ਼ਕਿਲਾਂ ਤੋਂ ਸੰਗਤਾਂ ਨੂੰ ਛੁਟਕਾਰਾ ਮਿਲ ਜਾਏਗਾ। ਯਾਤਰੂਆਂ ਦੇ ਵਾਹਨ ਸਿੱਧੇ ਹੀ ਕਾਰ-ਪਾਰਕਿੰਗ ਵਿੱਚ ਬਿਨਾਂ ਕਿਸੇ ਰੁਕਾਵਟ ਤੋਂ ਪਹੁੰਚ ਜਾਇਆ ਕਰਨਗੇ।
ਯਾਤਰੂਆਂ ਦੀ ਸੁੱਖ-ਸਹੂਲ਼ਤ ਲਈ ਐਲੀਵੇਟਿਡ ਰੋਡ ਦੇ ਉਦਘਾਟਨੀ ਸਮਾਰੋਹ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਮਨਜੀਤ ਸਿੰਘ ਤੇ ਸ. ਤਰਲੋਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ), ਸੁਪਰਵਾਈਜ਼ਰ ਸ. ਜਤਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡੀਸ਼ਨਲ ਸਕੱਤਰ ਸ. ਮਨਜੀਤ ਸਿੰਘ ਤੇ ਸ. ਤਰਲੋਚਨ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ) ਵੱਲੋਂ ਸਾਂਝੇ ਰੂਪ ‘ਚ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਸਿਰੀ ਸਾਹਿਬ ਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਂਬਰ ਪਾਰਲੀਮੈਂਟ ਸ. ਨਵਜੋਤ ਸਿੰਘ ਸਿੱਧੂ, ਐਮ.ਐਲ.ਏ. ਸ. ਰਮਿੰਦਰ ਸਿੰਘ ਬੁਲਾਰੀਆ ਤੇ ਸ੍ਰੀ ਅਨਿਲ ਜੋਸ਼ੀ, ਅੰਮ੍ਰਿਤਸਰ ਦੇ ਮੇਅਰ ਸ੍ਰੀ ਸ਼ਵੇਤ ਮਲਿਕ, ਡਿਪਟੀ ਮੇਅਰ ਸ. ਅਜੇਬੀਰਪਾਲ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਉਪਕਾਰ ਸਿੰਘ ਸੰਧੂ, ਕੌਂਸਲਰ ਸ. ਸ਼ਮਸ਼ੇਰ ਸਿੰਘ ਸ਼ੇਰਾ, ਸ. ਅਵਤਾਰ ਸਿੰਘ ਟਰੱਕਾਂ ਵਾਲੇ ਤੇ ਸ. ਭੁਪਿੰਦਰ ਸਿੰਘ ਰਾਈ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਐਗਰੋ ਦੇ ਉੱਪ ਚੇਅਰਮੈਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ. ਸਰਬਜੀਤ ਸਿੰਘ, ਮੈਂਬਰ ਜੇਲ੍ਹ ਬੋਰਡ ਸ. ਅਮਰਬੀਰ ਸਿੰਘ ਢੋਟ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਸ. ਮਲਕੀਅਤ ਸਿੰਘ ਵੱਲਾ, ਤਰਨਤਾਰਨ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਸ. ਇਕਬਾਲ ਸਿੰਘ ਸੰਧੂ ਤੋਂ ਇਲਾਵਾ ਭਾਰੀ ਗਿਣਤੀ ‘ਚ ਵਰਕਰ ਮੌਜੂਦ ਸਨ।