ਗੁਰਦਾਸਪੁਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਸੂਬੇ ਦੀ ਦੋ ਪ੍ਰਮੁੱਖ ਖੇਡਾਂ ਹਾਕੀ ਤੇ ਕਬੱਡੀ ਦੀ ਬਾਂਹ ਫੜਦਿਆਂ ਇਸ ਦੇ ਵੱਡੇ ਟੂਰਨਾਮੈਂਟ ਕਰਵਾਉਂਦਿਆ ਨਾਲੋ-ਨਾਲ ਇਨ੍ਹਾਂ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਅਤਿ ਆਧੁਨਿਤ ਸਹੂਲਤਾਂ ਨਾਲ ਲੈਸ ਸਟੇਡੀਅਮ ਉਸਾਰੇ ਗਏ ਅਤੇ ਹੁਣ ਅਕਾਲੀ-ਭਾਜਪਾ ਸਰਕਾਰ ਦਾ ਟੀਚਾ ਆਉਂਦੇ ਸਮੇਂ ਵਿੱਚ ਪੰਜਾਬ ਦੀਆਂ ਹੋਰ 10 ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਹੈ। ਸ. ਬਾਦਲ ਅੱਜ ਇਥੇ ਗੁਰਦਾਸਪੁਰ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਟੇਡੀਅਮ ਵਿੱਚ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਮੈਚਾਂ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ. ਬਾਦਲ ਨੇ ਕਿਹਾ ਕਿ ਖੇਡਾਂ ਕੇਂਦਰ ਸਰਕਾਰ ਦਾ ਵਿਸ਼ਾ ਹੁੰਦੀਆਂ ਹਨ ਪਰ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਖੇਡਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਵੱਡੇ ਮੁਕਾਬਲੇ ਕਰਵਾਉਣ ਅਤੇ ਨਵੇਂ ਸਟੇਡੀਅਮ ਉਸਾਰਨ ਵਿੱਚ ਅਸਫਲ ਰਹੀ ਕੇਂਦਰ ਸਰਕਾਰ ਦਾ ਖੱਪਾ ਪੂਰਨ ਵੱਲੋਂ ਪੰਜਾਬ ਜਿਹਾ ਛੋਟਾ ਸੂਬਾ ਹਾਕੀ ਤੇ ਕਬੱਡੀ ਨੂੰ ਸਿਖਰਾਂ ’ਤੇ ਲਿਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਹੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਦੇਸ਼ ਦੀ ਝੋਲੀ ਓਲੰਪਿਕ ਖੇਡਾਂ ਦਾ ਪਹਿਲਾ ਸੋਨ ਤਮਗਾ ਪਾਇਆ। ਪੰਜਾਬੀਆਂ ਨਾਲ ਸਜੀਆ ਹਾਕੀ ਟੀਮਾਂ ਨੇ ਹੀ ਓਲੰਪਿਕ ਸੋਨ ਤਮਗੇ ਜਿੱਤੇ। ਅਕਾਲੀ-ਭਾਜਪਾ ਸਰਕਾਰ ਨੇ ਖੇਡਾਂ ਨੂੰ ਉਪਰ ਚੁੱਕਣ ਦਾ ਤਹੱਈਆ ਕਰਦਿਆਂ 150 ਕਰੋੜ ਰੁਪਏ ਦੀ ਲਾਗਤ ਨਾਲ 14 ਨਵੇਂ ਕੌਮਾਂਤਰੀ ਪੱਧਰ ਦੇ ਸਟੇਡੀਅਮ ਉਸਾਰੇ। ਹਾਕੀ ਦੇ ਐਸਟੋਟਰਫ ਮੈਦਾਨ ਵਿਛਾਏ। ਗੁਰਦਾਸਪੁਰ, ਬਠਿੰਡਾ ਵਰਗੇ ਸ਼ਹਿਰਾਂ ਵਿੱਚ ਫਲੱਡ ਲਾਈਟਾਂ ਵਾਲੇ ਸਟੇਡੀਅਮ ਬਣਾਏ। ਕੋਚਾਂ ਦੀ ਭਰਤੀ ਕੀਤੀ ਅਤੇ ਕਈ ਵੱਡੇ ਮੁਕਾਬਲੇ ਕਰਵਾਏ।
ਸ. ਬਾਦਲ ਨੇ ਕਿਹਾ ਕਿ ਕਬੱਡੀ ਦੀ ਸਾਰ ਲੈਂਦਿਆ ਪਹਿਲਾ ਵਿਸ਼ਵ ਕੱਪ ਕਰਵਾਇਆ ਜਿੱਥੇ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਹੁਣ 4.11 ਕਰੋੜ ਦੀ ਇਨਾਮੀ ਰਾਸ਼ੀ ਵਾਲਾ ਦੂਜਾ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਹਾਕੀ ਦਾ ਚਾਰ ਦੇਸ਼ੀ ਗੋਲਡ ਕੱਪ ਕਰਵਾਇਆ। 10 ਖੇਡਾਂ ਨੂੰ ਲੈ ਕੇ ਕਰੋੜਾਂ ਰੁਪਏ ਦੀ ਇਨਾਮ ਰਾਸ਼ੀ ਵਾਲੀਆਂ ਪਹਿਲੀਆਂ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਖੇਡਾਂ ਕਰਵਾਈਆਂ। ਸ. ਬਾਦਲ ਨੇ ਕਿਹਾ ਕਿ ਕਬੱਡੀ ਤੇ ਹਾਕੀ ਤੋਂ ਬਾਅਦ ਪੰਜਾਬ ਸਰਕਾਰ ਹੁਣ ਬਾਕੀ ਖੇਡਾਂ ਫੁਟਬਾਲ, ਅਥਲੈਟਕਿਸ, ਮੁੱਕੇਬਾਜ਼ੀ, ਬਾਸਕਟਬਾਲ, ਹੈਂਡਬਾਲ, ਨਿਸ਼ਾਨੇਬਾਜ਼ੀ, ਕੁਸ਼ਤੀ ਆਦਿ ਦੀਆਂ ਖੇਡਾਂ ਦੇ ਸਟੇਡੀਅਮ ਉਸਾਰੇ ਜਾਣਗੇ ਅਤੇ ਇਨ੍ਹਾਂ ਖੇਡਾਂ ਦੇ ਵੀ ਕਰੋੜਾਂ ਰੁਪਏ ਦੇ ਟੂਰਨਾਮੈਂਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੌਮਾਂਤਰੀ ਪੱਧਰ ਦੇ ਕੋਚਾਂ ਨੂੰ ਸੂਬੇ ਵਿੱਚ ਲਿਆ ਕੇ ਖਿਡਾਰੀਆਂ ਨੂੰ ਤਿਆਰ ਕਰਵਾਏਗੀ।