ਪੈਰਿਸ- ਪਿੱਛਲੇ ਕੁਝ ਅਰਸੇ ਤੋਂ ਵਿਸ਼ਵ ਨੂੰ ਆਰਥਿਕ ਮੰਦੀ ਤੋਂ ਬਾਹਰ ਕੱਢਣ ਲਈ ਯਤਨ ਕਰ ਰਹੇ ਜੀ-20 ਦੇਸ਼ਾਂ ਦੇ ਨੇਤਾਵਾਂ ਦੀ ਫਰਾਂਸ ਦੇ ਕਾਨ ਸ਼ਹਿਰ ਵਿੱਚ ਇੱਕ ਸਿਖਰ ਬੈਠਕ ਹੋ ਰਹੀ ਹੈ। ਅਮਰੀਕਾ ਅਤੇ ਏਸਿਆਈ ਦੇਸ਼ ਯੌਰਪ ਨੂੰ ਆਪਣੇ ਮਸਲੇ ਜਲਦੀ ਸੁਲਝਾਉਣ ਲਈ ਕਹਿ ਰਹੇ ਹਨ।
ਦੁਨੀਆਂ ਦੇ 20 ਮਹੱਤਵਪੂਰਣ ਆਰਥਿਕ ਸ਼ਕਤੀਆਂ ਦੇ ਸਿੱਖਰ ਸੰਮੇਲਨ ਵਿੱਚ ਮੁੱਖ ਤੌਰ ਤੇ ਯੌਰਪ ਦੇ ਵਿੱਤੀ ਸੰਕਟ ਸਬੰਧੀ ਚਰਚਾ ਕੀਤੀ ਜਾਵੇਗੀ। ਖਾਸ ਤੌਰ ਤੇ ਗਰੀਸ ਦੀ ਆਰਥਿਕ ਸਥਿਤੀ ਤੇ ਧਿਆਨ ਕੇਂਦਰਿਤ ਰਹੇਗਾ। ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਨੇ ਓਬਾਮਾ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਵੱਖ-ਵੱਖ ਮੁਲਾਕਾਤ ਕੀਤੀ। ਦੁਪਹਿਰ ਦੇ ਖਾਣੇ ਸਮੇਂ ਵੀ ਸਾਰੇ 20 ਨੇਤਾਵਾਂ ਨੇ ਗੱਲਬਾਤ ਕੀਤੀ। ਕਾਨ ਸੰਮੇਲਨ ਸ਼ਲਰੂ ਹੋਣ ਤੋਂ ਪਹਿਲਾਂ ਹੀ ਇਹ ਤੈਅ ਹੈ ਕਿ ਚਰਚਾ ਦਾ ਕੇਂਦਰ ਯੌਰੋ ਮੁਦਰਾ ਵਾਲੇ ਦੇਸ਼ ਹੋਣਗੇ ਅਤੇ ਜਿਆਦਾ ਗਰੀਸ ਦੇ ਹਾਲਾਤ ਤੇ ਵਿਚਾਰ ਕੀਤੀ ਜਾਵੇਗੀ। ਗਰੀਸ ਦੀ ਜਨਤਾ ਨੇ ਜੇ ਲੋਕਮੱਤ ਨਾਲ ਯੌਰਪੀ ਯੋਜਨਾ ਨੂੰ ਠੁਕਰਾ ਦਿੱਤਾ ਤਾਂ ਗਰੀਸ ਤਾਂ ਡੁਬੇਗਾ ਹੀ ਪਰ ਉਸ ਦੀ ਲਪੇਟ ਵਿੱਚ ਸਪੇਨ ਅਤੇ ਫਰਾਂਸ ਵਰਗੇ ਦੇਸ਼ ਵੀ ਆ ਸਕਦੇ ਹਨ। ਪੁਰਤਗਾਲ ਅਤੇ ਆਇਰਲੈਂਡ ਵਰਗੇ ਦੇਸ਼ ਵੀ ਗਰੀਸ ਦੀ ਤਰਜ਼ ਤੇ ਯੌਰੋ ਤੋਂ ਬਾਹਰ ਆਉਣ ਦਾ ਮਨ ਬਣਾ ਸਕਦੇ ਹਨ। ਇਸ ਨਾਲ ਪੂਰੀ ਦੁਨੀਆਂ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਚੀਨ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਗਰੀਸ ਦੀ ਸਥਿਤੀ ਸਾਫ਼ ਨਹੀਂ ਹੁੰਦੀ, ਉਹ ਕੋਈ ਵਾਅਦਾ ਨਹੀਂ ਕਰ ਸਕਦਾ।