ਨਵੀਂ ਦਿੱਲੀ- ਕਾਂਗਰਸੀ ਨੇਤਾ ਦਿਗਵਿਜੈ ਸਿੰਘ ਵਲੋਂ ਅੰਨਾ ਹਜ਼ਾਰੇ ਤੇ ਸ਼ਬਦੀ ਹਮਲੇ ਜਾਰੀ ਹਨ। ਤਾਜ਼ਾ ਹਮਲੇ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਵਿੱਚੋਂ ਅੰਨਾ ਦਾ ਭਰੋਸਾ ਉਠਦਾ ਜਾ ਰਿਹਾ ਹੈ। ਅੰਨਾ ਟੀਮ ਦੀ ਸਪੋਰਟ ਕਰਨ ਵਾਲੀ ਭਾਜਪਾ ਦੇ ਪ੍ਰਧਾਨ ਗੜਕਰੀ ਨੇ ਵੀ ਹੁਣ ਉਸ ਤੇ ਤਿੱਖੇ ਵਾਰ ਕੀਤੇ ਹਨ।
ਅੰਨਾ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਕੋਈ ਫਰਕ ਨਹੀਂ ਹੈ। ਉਨ੍ਹਾਂ ਕਿਹਾ, ‘ ਇੱਕ ਭ੍ਰਿਸ਼ਟਾਚਾਰ ਵਿੱਚ ਸਨਾਤਕ ਹੈ ਅਤੇ ਦੂਸਰਾ ਪੀਐਚਡੀ।’ ਇਸ ਦੇ ਜਵਾਬ ਵਿੱਚ ਗੜਕਰੀ ਨੇ ਹਜ਼ਾਰੇ ਤੇ ਤਿੱਖੇ ਸ਼ਬਦੀ ਤੀਰ ਛੱਡਦੇ ਹੋਏ ਕਿਹਾ, “ ਜੇ ਸਾਡਾ ਸਾਥ ਨਾਂ ਹੁੰਦਾ ਤਾਂ ਅੰਨਾ ਵੀ ਉਸੇ ਤਰ੍ਹਾਂ ਖਦੇੜ ਦਿੱਤੇ ਗਏ ਹੁੰਦੇ ਜਿਵੇਂ ਬਾਬਾ ਰਾਮਦੇਵ ਨੂੰ ਖਦੇੜਿਆ ਸੀ। ਨਿਤਿਨ ਗੜਕਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਨਾਂ ਕਿਸੇ ਨਿਓਤੇ ਦੇ ਕਿਧਰੇ ਵੀ ਨਹੀਂ ਜਾਂਦੀ। ਭਾਜਪਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਫਿਰ ਵੀ ਬੀਜੇਪੀ ਅੰਨਾ ਦੇ ਅੰਦੋਲਨ ਦਾ ਸਮਰਥਣ ਕਰੇਗੀ।
ਦਿਗਵਿਜੈ ਸਿੰਘ ਦਾ ਕਹਿਣਾ ਹੈ ਕਿ ਟੈਕਸ ਦਾ ਭੁਗਤਾਨ ਕਰਕੇ ਕੇਜਰੀਵਾਲ ਸ਼ਹੀਦ ਬਣਨ ਦੀ ਕੋਸਿ਼ਸ਼ ਕਰ ਰਿਹਾ ਹੈ। ਇਹ ਤਾਂ ਕੇਜਰੀਵਾਲ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਆਪਣਾ ਬਕਾਇਆ ਟੈਕਸ ਅਦਾ ਕਰਕੇ ਉਹ ਦੇਸ਼ ਤੇ ਕੋਈ ਅਹਿਸਾਨ ਨਹੀਂ ਕਰ ਰਿਹਾ।