ਫਤਹਿਗੜ੍ਹ ਸਾਹਿਬ/ ਜਲਵੇੜਾ, (ਗੁਰਿੰਦਰਜੀਤ ਸਿੰਘ ਪੀਰਜੈਨ)-ਕਾਨੀਨੈਂਟਲ ਗਰੁੱਪ ਆਫ਼ ਇੰਸਟੀਚਿਊਟ ਵੱਲੋ ਤਕਨੀਕ ਅਤੇ ਮੈਨੇਜਮੈਂਟ ਵਿੱਚ ਮੌਜੂਦਾ ਵਿਕਾਸ ਨੂੰ ਲੈ ਕੇ ਕੌਮਾਂਤਰੀ ਪੱਧਰ ਦੀ ਦੂਜੀ ਕਾਨਫਰੰਸ ਆਪਣੇ ਜਲਵੇੜਾ ਕੈਂਪਸ ਦੇ ਵਿਹੜੇ ਵਿੱਚ ਕਰਵਾਈ। ਇਸ ਦੌਰਾਨ ਇੰਜਨੀਅਰਿੰਗ, ਤਕਨੀਕ, ਮੈਨੇਜਮੈਂਟ ਅਤੇ ਹੋਰ ਖੇਤਰਾਂ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਸਬੰਧੀ 60 ਪਰਚੇ ਪੜ੍ਹੇ ਗਏ। ਕਾਨਫਰੰਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ 200 ਤੋਂ ਜਿਆਦਾ ਡੈਲੀਗੇਟਾਂ ਨੇ ਹਿੱਸਾ ਲਿਆ।
ਕਾਨਫਰੰਸ ਦੇ ਮੁੱਖ ਮਹਿਮਾਨ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਗੁਰਨੇਕ ਸਿੰਘ ਸਨ ਜਦਕਿ ਡਾਕਟਰ ਕੇ.ਐਸ. ਘੁੰਮਣ ਵਿਸ਼ੇਸ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਇਸ ਉਪਰਾਲੇ ਲਈ ਲੈਫਟੀਨੈਂਟ ਕਰਨਲ ਬੀ.ਐਸ.ਸੰਧੂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ।
ਪਹਿਲੇ ਸੈਸ਼ਨ ਦੇ ਬੁਲਾਰੇ ਪੰਜਾਬੀ ਯੂਨੀਵਰਸਿਟੀ ਮੈਨੇਜਮੈਂਟ ਵਿਭਾਗ ਦੇ ਚੇਅਰਮੈਨ ਡਾਕਟਰ ਪੁਸ਼ਪਿੰਦਰ ਸਿੰਘ ਗਿੱਲ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਹਿਮ ਵਿਸ਼ਿਆਂ ਨੂੰ ਲੈ ਕੇ ਵਿਚਾਰ ਚਰਚਾ ਕਰਵਾਉਣੀ ਅਜੌਕੀ ਪੀੜ੍ਹੀ ਲਈ ਬਹੁਤ ਲਾਹੇਬੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨੀ ਯੁੱਗ ਦੇ ਅਨੁਕੂਲ ਹੋਣ ਲਈ ਅਜਿਹੀ ਜਾਣਕਾਰੀ ਪ੍ਰਤੀ ਸੁਚੇਤ ਹੋਣਾ ਸਮੇਂ ਦੀ ਲੋੜ ਹੈ।
ਦੂਜੇ ਸੈਸ਼ਨ ਦੇ ਮੁੱਖ ਬੁਲਾਰੇ ਅਪਲਾਇਡ ਮੈਨੇਜਮੈਂਟ ਵਿਭਾਗ ਦੇ ਪ੍ਰੋਫੈਸਰ ਮਨਜੀਤ ਸਿੰਘ ਸਨ। ਉਨ੍ਹਾਂ ਵੀ ਆਧੁਨਿਕ ਵਿਧੀਆਂ ਪ੍ਰਤੀ ਜਾਗਰੁਕ ਹੋਣ ਦਾ ਸੱਦਾ ਦਿੱਤਾ।
ਮਦਰਵੈਲ ਕਾਲਜ ਬਰਤਾਨੀਆ ਦੀ ਵਾਈਸ ਪ੍ਰਿੰਸੀਪਲ ਕੈਰਲ ਸਕਾਟ ਨੇ ਕਿਹਾ ਕਿ ਅਜਿਹੇ ਸਮਾਗਮ ਸਦਕਾ ਹੀ ਮੈਨੇਜਮੈਂਟ ਅਤੇ ਤਕਨੀਕ ਵਿੱਚ ਮਨੁੱਖਤਾ ਦੇ ਵਿਕਾਸ ਵਿੱਚ ਨਵੀਆਂ ਸੰਭਾਵਨਾਵਾਂ ਉਜਾਗਰ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਆਪਣੇ ਅੰਦਰ ਛੁਪੀ ਹੋਈ ਕਲਾ ਨੂੰ ਦਿਖਾਉਣ ਲਈ ਅਜਿਹੇ ਯਤਨਾਂ ਦੀ ਬਦੌਲਤ ਹੀ ਅਨੇਕਾਂ ਟੀਚੇ ਮਿਲ ਸਕਦੇ ਹਨ।
ਕਾਨਫਰੰਸ ਦੌਰਾਨ ਭਾਰਤੀ ਕੰਪਨੀਆਂ ਵਿੱਚ ਕਾਰਪੋਰੇਟ ਪ੍ਰਬੰਧ, ਦਬਾਅ (ਸਟੈਰਸ) ਵਾਲੀ ਮੈਨੇਜਮੈਟ: ਵਿਕਾਸ ਦੇ ਰਾਹ ਦੀ ਰੁਕਾਵਟ, ਕਾਰਪੋਰੇਟ ਗਵਰਨੈਂਸ ਅਤੇ ਵਿੱਤੀ ਸੰਕਟ, ਡਾਟਾ ਮਾਇਨਿੰਗ ਰਾਹੀਂ ਸਟਾਕ ਕੀਮਤ ਪ੍ਰਬੰਧ ਦੀ ਜਾਣਕਾਰੀ, ਸਰਚ ਇੰਜਨ, ਨਵੀਂ ਪੀੜ੍ਹੀ ਦੀ ਵਾਇਰਲੈਸ ਤਕਨੀਕ, 4 ਜੀ ਅਤੇ ਉਸਤੋਂ ਬਾਅਦ ਦੀ ਤਕਨੀਕ ਅਤੇ ਆਧੁਨਿਕ ਯੁੱਗ ਦਾ ਹਥਿਆਰ: ਗਰੀਨ ਮਾਰਕੀਟਿੰਗ ਆਦਿ ਵਿਸ਼ਿਆਂ ’ਤੇ ਪੇਪਰ ਪੜ੍ਹੇ ਗਏ।
ਸਮਾਗਮ ਦੇ ਅੰਤ ਵਿੱਚ ਲੈਫਟੀਨੈਂਟ ਕਰਨਲ (ਸੇਵਾ ਮੁਕਤ) ਬੀ.ਐਸ. ਸੰਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਕਾਨਫਰੰਸ ਸਦਕਾ ਉਨ੍ਹਾਂ ਦੀ ਸੰਸਥਾ ਦੀ ਟੀਮ ਨੇ ਖੁਦ ਵਿੱਚ ਨਿਖਾਰ ਲਿਆਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕ ਅਤੇ ਪ੍ਰਬੰਧ ਦੀ ਨਵੀਨ ਜਾਣਕਾਰੀ ਹਾਸਲ ਕਰਕੇ ਹੀ ਵਿਦਿਆਰਥੀਆਂ ਨੂੰ ਗਿਆਨ ਦਿੱਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾਮੁਕਤ ਮੇਜਰ ਜਰਨਲ ਬੀ.ਪੀ.ਐਸ. ਗਰੇਵਾਲ ਵੀ ਮੌਜੂਦ ਸਨ।