ਏਥਨਜ਼- ਗਰੀਸ ਵਿੱਚ ਸਾਰੇ ਰਾਜਨੀਤਕ ਦਲ ਇਸ ਗੱਲ ਤੇ ਸਹਿਮਤ ਹੋ ਗਏ ਹਨ ਕਿ ਸੱਭ ਮਿਲ ਕੇ ਇੱਕ ਨਵੀਂ ਸਰਕਾਰ ਸਥਾਪਿਤ ਕਰਨਗੇ। ਮੌਜੂਦਾ ਪ੍ਰਧਾਨਮੰਤਰੀ ਜਾਰਜ ਪਾਪੈਡਰਿਊ ਨੇ ਇਹ ਸ਼ਰਤ ਮੰਨ ਲਈ ਹੈ ਕਿ ਉਹ ਨਵੀਂ ਸਰਕਾਰ ਦੀ ਅਗਵਾਈ ਨਹੀਂ ਕਰਨਗੇ। ਨਵੇਂ ਨੇਤਾ ਦੀ ਚੋਣ ਲਈ ਗੱਲਬਾਤ ਜਾਰੀ ਹੈ।
ਪ੍ਰਧਾਨਮੰਤਰੀ ਜਾਰਜ ਇਹ ਯਤਨ ਕਰ ਰਹੇ ਹਨ ਕਿ ਨਵੀਂ ਗਠਬੰਧਨ ਸਰਕਾਰ ਲਈ ਸਾਰੀਆਂ ਧਿਰਾਂ ਮੰਨ ਜਾਣ ਪਰ ਵਿਰੋਧੀ ਧਿਰ ਨਿਊ ਡੈਮੋਕਰੇਟਿਕ ਪਾਰਟੀ ਦੇ ਮੁੱਖੀ ਸਮਾਰਾਸ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਧਾਨਮੰਤਰੀ ਅਸਤੀਫ਼ਾ ਨਹੀਂ ਦਿੰਦੇ ਤਦ ਤੱਕ ਉਹ ਕਿਸੇ ਵੀ ਗੱਲਬਾਤ ਲਈ ਤਿਆਰ ਨਹੀਂ ਹੋਣਗੇ। ਗਰੀਸ ਵਿੱਚ ਰਿਣ ਸੰਕਟ ਕਰਕੇ ਇਹ ਰਾਜਨੀਤਕ ਸਮਸਿਆ ਪੈਦਾ ਹੋ ਗਈ ਹੈ। ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਵਿੱਤਮੰਤਰੀ ਈਵਾਨਜੇਲੋਸ ਨਵੀਂ ਗਠਬੰਧਨ ਸਰਕਾਰ ਦੀ ਅਗਵਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨੇ ਕੈਬਨਿਟ ਦੀ ਐਮਰਜੰਸੀ ਬੈਠਕ ਬੁਲਾਈ ਸੀ। ਰਾਸ਼ਟਰਪਤੀ ਦੀ ਅਗਵਾਈ ਵਿੱਚ ਪ੍ਰਧਾਨਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਇਸ ਮੁੱਦੇ ਤੇ ਗੱਲਬਾਤ ਕਰਨਗੇ।