ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ) -ਵਿਸ਼ਵ ਕਬੱਡੀ ਕੱਪ ’ਚ ਹਿੱਸਾ ਲੈ ਰਹੇ ਵੱਖ-ਵੱਖ ਦੇਸ਼ਾਂ ਦੇ ਚਾਰ ਖਿਡਾਰੀਆਂ ਦੇ ਡੋਪ ਟੈਸਟ ਪਾਜ਼ੀਟਿਵ ਪਾਏ ਜਾਣ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ’ਚੋਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਖੇਡ ਵਿਭਾਗ, ਪੰਜਾਬ ਦੇ ਨਿਰਦੇਸ਼ਕ ਤੇ ਵਿਸ਼ਵ ਕਬੱਡੀ ਕੱਪ ਦੇ ਐਂਟੀ ਡੋਪਿੰਗ ਡਿਸਪਲਨਰੀ ਪੈਨਲ ਦੇ ਚੇਅਰਮੈਨ ਸ. ਪ੍ਰਗਟ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੇ ਪਹਿਲੇ ਦਿਨ ਫਰੀਦਕੋਟ ਵਿਖੇ ਹੋਏ ਮੈਚਾਂ ਦੌਰਾਨ ਜਿਨ੍ਹਾਂ 12 ਖਿਡਾਰੀਆਂ ਦੇ ਡੋਪ ਟੈਸਟ ਕੀਤੇ ਗਏ ਸਨ, ਉਨ੍ਹਾਂ ’ਚੋਂ ਆਸਟਰੇਲੀਆ ਦੇ 2, ਜਰਮਨੀ ਤੇ ਕੈਨੇਡਾ ਦੇ ਇਕ-ਇਕ ਖਿਡਾਰੀ ਦਾ ਪਹਿਲਾ ਨਮੂਨਾ ਪਾਜ਼ੀਟਿਵ ਪਾਇਆ ਗਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਅੱਜ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਵੱਲੋਂ ਜਾਰੀ ਕੀਤਾ ਗਿਆ ਪਹਿਲਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਖਿਡਾਰੀਆਂ ਨੂੰ 7 ਦਿਨਾਂ ਦੇ ਅੰਦਰ-ਅੰਦਰ ਨਿਯਮਾਂ ਅਨੁਸਾਰ ‘ਬੀ’ ਸੈਂਪਲਿੰਗ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਜਿਸ ਤਹਿਤ ਉਹ ਆਪਣੇ ਆਪ ਨੂੰ ਡੋਪ ਮੁਕਤ ਸਾਬਿਤ ਕਰਨ ਲਈ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ 20 ਭਾਰਤੀ ਖਿਡਾਰੀਆਂ ਦੇ ‘ਏ’ ਨਮੂਨੇ ਪਾਜ਼ੀਟਿਵ ਪਾਏ ਗਏ ਸਨ ਅਤੇ 4 ਖਿਡਾਰੀਆਂ ਦੇ ‘ਬੀ’ ਨਮੂਨੇ ਵੀ ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਵਿਸ਼ਵ ਕੱਪ ਤੋਂ ਪਹਿਲਾਂ ਖੇਡ ਵਿਭਾਗ ਪੰਜਾਬ ਨੇ ਨਾਡਾ ਨਾਲ 200 ਖਿਡਾਰੀਆਂ ਦੇ ਡੋਪ ਟੈਸਟ ਕਰਾਉਣ ਦਾ ਕਰਾਰਨਾਮਾ ਕੀਤਾ ਸੀ ਅਤੇ ਹੁਣ ਤੱਕ 153 ਖਿਡਾਰੀਆਂ ਦੇ ਡੋਪ ਟੈਸਟ ਹੋ ਚੁੱਕੇ ਹਨ।