ਫਤਹਿਗੜ੍ਹ ਸਾਹਿਬ : “ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਉਪ-ਨਿਯਮਾਂ ਤੇ ਸਰਤਾਂ ਇਸ ਗੱਲ ਦੀ ਸਪੱਸ਼ਟ ਸੰਕੇਤ ਕਰਦੀਆਂ ਹਨ ਕਿ ਕਿਸੇ ਵੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੀ ਨਿਯੁਕਤੀ ਲਈ ਸਿਫ਼ਾਰਸ਼ ਕੀਤੇ ਗਏ ਤਿੰਨ ਮੈਬਰੀ ਪੈਨਲ ਵਿਚ 65 ਸਾਲ ਤੋ ਵੱਧ ਕੋਈ ਵੀ ਸਖ਼ਸੀਅਤ ਨਹੀ ਹੋਣੀ ਚਾਹੀਦੀ । ਜਦੋ ਕਿ ਡਾ. ਜਸਵੀਰ ਸਿੰਘ ਆਹਲੂਵਾਲੀਆਂ ਜਿਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦਾ ਫਿਰ ਤੋ ਵਾਇਸ ਚਾਂਸਲਰ ਲਗਾਉਣ ਦੀਆਂ ਕੋਸਿਸਾਂ ਹੋ ਰਹੀਆ ਹਨ, ਉਹ ਕੇਵਲ 70 ਸਾਲਾ ਦੀ ਉਮਰ ਵੀ ਹੀ ਨਹੀ ਟੱਪ ਚੁੱਕੇ ਬਲਕਿ ਇਖ਼ਲਾਕੀ ਤੌਰ ਤੇ ਵੀ ਪੰਜਾਬੀਆਂ ਅਤੇ ਸਿੱਖ ਕੌਮ ਦੀ ਨਜ਼ਰ ਵਿਚ ਦਾਗੀ ਇਨਸਾਨ ਹਨ । ਕਿਉਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਸਲਰ ਦੇ ਅਹੁਦੇ ‘ਤੇ ਰਹਿੰਦੇ ਹੋਏ ਆਪਣੀ ਧੀ ਸਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕ ਵਿਦਿਆਰਥਣ ਬੀਬੀ ਸਾਰੂ ਰਾਣਾ ਨਾਲ ਜ਼ਬਰ ਜਿਨਾਹ ਕੀਤਾ ਸੀ । ਜਿਸਦਾ ਅੱਜ ਵੀ ਪਟਿਆਲਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ । ਅਜਿਹੇ ਦਾਗੀ ਇਨਸਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਫਿਰ ਤੋ ਵਾਇਸ ਚਾਂਸਲਰ ਲਾਉਣ ਦੀ ਕਾਰਵਾਈ ਕੇਵਲ ਯੂ ਜੀ ਸੀ ਦੇ ਨਿਯਮਾਂ ਦੀ ਘੋਰ ਉਲੰਘਣਾ ਹੀ ਨਹੀ ਹੋਵੇਗੀ । ਬਲਕਿ ਇਸ ਮਹਾਨ ਯੂਨੀਵਰਸਿਟੀ ਦੇ ਇਖ਼ਲਾਕੀ ਮਾਹੌਲ ਨੂੰ ਗੰਧਲਾ ਕਰਨ ਵਾਲੀ ਵੀ ਹੋਵੇਗੀ । ਇਸ ਲਈ ਅਜਿਹੇ ਦਾਗੀ ਇਨਸਾਨ ਨੂੰ ਵਾਇਸ ਚਾਸਲਰ ਦੇ ਅਹੁਦੇ ਤੇ ਬਿਲਕੁਲ ਨਾ ਲਾਇਆ ਜਾਵੇ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਡਾ. ਵੇਦ ਪ੍ਰਕਾਸ਼ ਨੂੰ ਅਤਿ ਸੰਜੀਦਗੀ ਭਰੀ ਸ਼ਬਦਾਵਲੀ ਰਾਹੀ ਲਿਖੇ ਗਏ ਇਕ ਪੱਤਰ ਵਿਚ ਬੇਨਤੀ ਕਰਦੇ ਹੋਏ ਪ੍ਰਗਟਾਏ ਗਏ । ਸ. ਮਾਨ ਨੇ ਇਸ ਪੱਤਰ ਦੇ ਨਾਲ ਨੋਰਥ ਗੁਜਰਾਤ ਯੂਨੀਵਰਸਿਟੀ ਦੇ ਚਾਂਸਲਰ ਬਨਾਮ ਕਾਂਤੀਲਾਲ ਚਤੁਰਭਾਈ 23 ਸਤੰਬਰ 1993 ਦੀ ਜੱਜਮੈਟ ਦੀ ਨਕਲ ਕਾਪੀ ਅਤੇ ਐਮ ਐਸ ਯੂਨਵਰਸਿਟੀ ਬੜੌਦਾ 1949 ਦੇ ਕਾਨੂੰਨ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵਾਇਸ ਚਾਂਸਲਰਾਂ ਦੀ ਨਿਯੁਕਤੀ ਦੀ ਉਮਰ ਦੀ ਹੱਦ ਸੰਬੰਧੀ ਤਹਿਸੁਦਾ ਉਪ-ਨਿਯਮ, ਜਿਸ ਵਿਚ ਵਾਇਸ ਚਾਂਸਲਰ ਦੀ ਉਮਰ 65 ਸਾਲ ਰੱਖੀ ਗਈ ਹੈ, ਦੀਆਂ ਨਕਲ ਕਾਪੀਆਂ ਭੇਜਦੇ ਹੋਏ ਡਾ. ਵੇਦ ਪ੍ਰਕਾਸ ਚੇਅਰਮੈਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੋ ਮੰਗ ਕੀਤੀ ਹੈ ਕਿ ਉਪਰੋਕਤ ਡਾ. ਜਸਵੀਰ ਸਿੰਘ ਆਹਲੂਵਾਲੀਆਂ ਦੀ ਸ. ਬਾਦਲ ਅਤੇ ਸ. ਮੱਕੜ ਵੱਲੋ ਤਾਨਾਸ਼ਾਹੀ ਨੀਤੀਆਂ ਅਧੀਨ ਆਉਣ ਵਾਲੇ ਦਿਨਾ ਵਿਚ ਕੀਤੀ ਜਾ ਰਹੀ ਨਿਯੁਕਤੀ ਨੂੰ ਕਾਨੂੰਨੀ ਅਤੇ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਰੱਦ ਕਰਨ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਬਣੀ ਇਸ ਮਹਾਨ ਯੂਨੀਵਰਸਿਟੀ ਦੇ ਇਖ਼ਲਾਕੀ ਅਤੇ ਸਮਾਜਿਕ ਮਾਹੌਲ ਨੂੰ ਬਰਕਰਾਰ ਰੱਖਿਆ ਜਾ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਡਾ. ਵੇਦ ਪ੍ਰਕਾਸ ਜੀ ਇਥੋ ਦੀਆਂ ਯੂਨੀਵਰਸਿਟੀਆਂ ਦੇ ਮਾਹੌਲ ਨੂੰ ਸਾਜਗਰ ਬਣਾਉਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਨਿਯਮਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨਗੇ । ਉਨ੍ਹਾ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਤਿਕਾਰਯੋਗ ਨਾਮ ਨੂੰ ਅਜਿਹੀਆਂ ਬਦਨਾਮ ਕਰਨ ਦੀਆਂ ਕੀਤੀਆ ਜਾ ਰਹੀਆ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਖ਼ਬਰਦਾਰ ਕੀਤਾ ਕਿ ਡਾ. ਆਹਲੂਵਾਲੀਆ ਦੀ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਹੋਣ ਜਾ ਰਹੀ ਨਿਯੁਕਤੀ ਨੂੰ ਸਿੱਖ ਕੌਮ ਕਤਈ ਬਰਦਾਸਿਤ ਨਹੀ ਕਰੇਗੀ ਅਤੇ ਇਹ ਆਗੂ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਸਜ਼ਾ ਪਾਉਣ ਲਈ ਤਿਆਰ ਰਹਿਣ ।