ਚੋਹਲਾ ਸਾਹਿਬ (ਤਰਨਤਾਰਨ),(ਗੁਰਿੰਦਰਜੀਤ ਸਿੰਘ ਪੀਰਜੈਨ)- ਇਤਿਹਾਸਕ ਪਿੰਡ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਅੱਜ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਹੋਏ ਮੈਚਾਂ ਵਿੱਚ ਅਮਰੀਕਾ ਨੇ ਜਿੱਤ ਦੀ ਹੈਟ੍ਰਿਕ ਜੜਦਿਆਂ ਅਰਜਨਟਾਈਨਾ ਨੂੰ 71-17 ਨਾਲ ਹਰਾਇਆ। ਪਾਕਿਸਤਾਨ ਤੇ ਸਪੇਨ ਨੇ ਵੀ ਆਪੋ-ਆਪਣੇ ਲੀਗ ਮੈਚ ਜਿੱਤਦਿਆਂ ਕ੍ਰਮਵਾਰ ਇਟਲੀ ਨੂੰ 50-37 ਅਤੇ ਸ੍ਰੀਲੰਕਾ ਨੂੰ 70-26 ਨਾਲ ਹਰਾਇਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਤੇ ਇਟਲੀ ਦੀਆਂ ਟੀਮਾਂ ਨਾਲ ਜਾਣ ਪਛਾਣ ਕੀਤੀ।
ਖਚਾਖਚ ਭਰੇ ਸਟੇਡੀਅਮ ਦੌਰਾਨ ਦਰਸ਼ਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੇ ਸਾਲ ਕਰਵਾਏ ਜਾਣ ਵਾਲੇ ਤੀਜੇ ਵਿਸ਼ਵ ਕੱਪ ਤੋਂ ਪਹਿਲਾਂ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਫਲੱਡ ਲਾਈਟਾਂ ਵਾਲਾ ਅਤਿ ਆਧੁਨਿਕ ਸਟੇਡੀਅਮ ਬਣਾ ਦਿੱਤਾ ਜਾਵੇਗਾ ਅਤੇ ਤੀਜੇ ਵਿਸ਼ਵ ਕੱਪ ਦੇ ਮੈਚ ਇਸੇ ਸਟੇਡੀਅਮ ਵਿੱਚ ਰਾਤ ਸਮੇਂ ਫਲੱਡ ਲਾਈਟਾਂ ਹੇਠ ਖੇਡੇ ਜਾਣਗੇ। ਸ. ਬਾਦਲ ਨੇ ਕਿਹਾ ਕਿ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪਿੰਡਾਂ ਵਿੱਚ ਖੇਡਾਂ ਦਾ ਮਾਹੌਲ ਬਣਾਉਣ ਲਈ ਕਬੱਡੀ ਤੇ ਹਾਕੀ ਤੋਂ ਇਲਾਵਾ ਹੋਰਨਾਂ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਤੋਂ ਪਹਿਲਾਂ ਸਵੇਰੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ, ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਸਪੇਨ ਤੇ ਸ੍ਰੀਲੰਕਾ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਰਸਮੀ ਉਦਘਾਟਨ ਕੀਤਾ। ਸਪੇਨ ਨੇ ਸ੍ਰੀਲੰਕਾ ਨੂੰ ਇਕਪਾਸੜ ਮੁਕਾਬਲੇ ਵਿੱਚ 70-26 ਨਾਲ ਹਰਾ ਦਿੱਤਾ। ਸ੍ਰੀਲੰਕਾ ਦੀ ਟੀਮ ਵਿਰੁੱਧ ਖੇਡਦਿਆਂ ਸਪੇਨ ਦੀ ਟੀਮ ਨੇ ਸ਼ੁਰੂਆਤ ਵਿੱਚ ਹੀ ਲੀਡ ਲੈ ਲਈ ਜੋ ਅੰਤ ਤੱਕ ਕਾਇਮ ਰਹੀ। ਸਪੇਨ ਦੀ ਟੀਮ ਅੱਧੇ ਸਮੇਂ ਤੱਕ 37-12 ਨਾਲ ਅੱਗੇ ਸੀ। ਸਪੇਨ ਵੱਲੋਂ ਰੇਡਰ ਜਗਤਾਰ ਪੱਤੜ ਨੇ 11, ਸੁਖਜਿੰਦਰ ਸੈਫਲਾਬਾਦ ਨੇ 10 ਅਤੇ ਯਾਦਵਿੰਦਰ ਸਿੰਘ ਸੋਨੂੰ ਪਤਾਰਾ ਨੇ 9 ਅੰਕ ਬਟੋਰੇ। ਜਾਫੀਆਂ ਵਿੱਚੋਂ ਕੁਲਦੀਪ ਪੱਡਾ ਤੇ ਸੱਬਾ ਪਰਸਰਾਮਪੁਰ ਨੇ 6-6 ਜੱਫੇ ਲਾਏ। ਸ੍ਰੀਲੰਕਾ ਦੇ ਰੇਡਰ ਅਨੁਰਾਧਿਕਾ ਨੇ 10 ਅੰਕ ਬਟੋਰੇ।
ਦੂਜੇ ਮੈਚ ਵਿੱਚ ਨੇ ਵਿਸ਼ਵ ਕੱਪ ਵਿੱਚ ਜਿੱਤ ਦੀ ਹੈਟ੍ਰਿਕ ਜੜਦਿਆਂ ਅਮਰੀਕਾ ਨੇ ਅਰਜਨਟਾਈਨਾ ਨੂੰ 71-17 ਨਾਲ ਹਰਾਇਆ। ਅੱਧੇ ਸਮੇਂ ਤੱਕ ਅਮਰੀਕਾ ਦੀ ਟੀਮ 35-8 ਨਾਲ ਅੱਗੇ ਸੀ। ਅਮਰੀਕਾ ਵੱਲੋਂ ਰੇਡਰ ਇੰਦਰਜੀਤ ਸਿੰਘ ਨੇ 10 ਅਤੇ ਮਨਿੰਦਰ ਮੋਨੀ ਤੇ ਦਲਬੀਰ ਸਿੰਘ ਦੁੱਲਾ ਨੇ 88 ਅੰਕ ਬਟੋਰੇ। ਜਾਫੀਆਂ ਵਿੱਚੋਂ ਜੈਸਿਸ ਐਜ਼ਰੋ ਨੇ 9 ਅਤੇ ਬਲਜਿੰਦਰ ਬਿੱਲਾ ਨੇ 7 ਜੱਫੇ ਲਾਏ। ਅਰਜਨਟਾਈਨਾ ਦਾ ਰੇਡਰ ਯੂਰੀ ਮਾਇਰ ਇਸ ਮੈਚ ਵੀ ਛਾਇਆ ਰਿਹਾ। ਯੂਰੀ ਨੇ 9 ਅਤੇ ਲੀਓਨਾਰਡੋ ਨੇ 5 ਅੰਕ ਬਟੋਰੇ।
ਪਾਕਿਸਤਾਨ ਤੇ ਇਟਲੀ ਵਿਚਾਲੇ ਖੇਡਿਆ ਦਿਨ ਦਾ ਤੀਜਾ ਤੇ ਆਖਰੀ ਮੈਚ ਬਹੁਤ ਫਸਵਾਂ ਰਿਹਾ। ਸ਼ੁਰੂਆਤ ਵਿੱਚ ਦੋਵਾਂ ਟੀਮਾਂ ਨੇ ਬਰਾਬਰੀ ਦਾ ਮੁਕਾਬਲਾ ਕੀਤਾ ਪਰ ਹੌਲੀ-ਹੌਲੀ ਪਾਕਿਸਤਾਨ ਨੇ ਲੀਡ ਬਣਾ ਲਈ ਜੋ ਅੰਤ ਤੱਕ ਕਾਇਮ ਰਹਿੰਦੀ ਹੋਈ ਜੇਤੂ ਸਾਬਤ ਹੋ ਨਿਬੜੀ। ਪਾਕਿਸਤਾਨ ਨੇ ਅਮਰੀਕਾ ਨੂੰ 50-37 ਨਾਲ ਹਰਾ ਦਿੱਤਾ। ਅੱਧੇ ਸਮੇ ਤੱਕ ਪਾਕਿਸਤਾਨ ਦੀ ਟੀਮ 27-16 ਨਾਲ ਅੱਗੇ ਸੀ।
ਪਾਕਿਸਤਾਨ ਦੇ ਰੇਡਰ ਐਬਦਉੱਲਾ ਲਾਲਾ ਨੇ 10 ਤੇ ਆਮਿਰ ਇਸਮਾਇਲ ਜੱਟ ਨੇ 8 ਅੰਕ ਬਟੋਰੇ ਜਦੋਂ ਕਿ ਜਾਫੀ ਹਾਮਿਦ ਇਸਮਾਇਲ ਜੱਟ ਨੇ 4 ਜੱਫੇ ਲਾਏ। ਇਟਲੀ ਦੇ ਰੇਡਰ ਕਰਨਜੀਤ ਘੁੱਗਸ਼ੋਰ ਨੇ 11 ਅਤੇ ਮਨਜਿੰਦਰ ਇਸਮਾਇਲ ਜੱਟ ਨੇ 8 ਅੰਕ ਬਟੋਰੇ ਜਦੋਂ ਕਿ ਜਾਫੀ ਹਰਜਿੰਦਰ ਸਿੰਘ ਨੇ 2 ਜੱਫੇ ਲਾਏ।