ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰੰਭ ਹੋ ਕੇ ਚਾਂਦਨੀ ਚੌਂਕ, ਫਤਿਹਪੁਰੀ, ਖਾਰੀਬਾਉਲੀ, ਲਹੌਰੀ ਗੇਟ, ਕੁਤਬ ਰੋਡ, ਤੇਲੀਵਾੜਾ ਰੋਡ, ਆਜ਼ਾਦ ਮਾਰਕਿਟ, ਪੁਲਬੰਗਸ, ਰੌਸ਼ਨਆਰਾ ਰੋਡ, ਘੰਟਾਘਰ, ਸਬਜ਼ੀ ਮੰਡੀ ਅਤੇ ਮਹਾਰਾਣਾ ਪ੍ਰਤਾਪ ਬਾਗ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਪੁਜਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਝੂਠੇ ਰਸਮਾਂ ਰਿਵਾਜਾਂ ਅਤੇ ਉਸ ਸਮੇਂ ਸਮਾਜ ਵਿੱਚ ਫੈਲੀਆਂ ਅਨੇਕਾਂ ਹੋਰ ਕੁਰੀਤੀਆਂ ਦਾ ਡੱਟ ਕੇ ਵਿਰੋਧ ਕੀਤਾ। ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਵਹਿਮਾਂ ਭਰਮਾਂ ਦੇ ਮੱਕੜ ਜਾਲ ਵਿੱਚ ਫਸੇ ਲੋਕਾਂ ਨੂੰ ਸੱਚ ਦਾ ਰਸਤਾ ਵਿਖਾਇਆ। ਗੁਰੂ ਨਾਨਕ ਦੇਵ ਜੀ ਨੇ ਵੰਡ ਕੇ ਛੱਕੋ ਅਤੇ ਕਿਰਤ ਕਰੋ ਦਾ ਉਪਦੇਸ਼ ਦੇ ਕੇ ਸਰਬ ਸਾਂਝੀਵਾਲਤਾ ਦੀ ਨੀਂਹ ਰੱਖੀ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ,ਬੈਂਡ ਵਾਲੇ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਬੈਂਡ ਵਾਜਿਆਂ ਸਮੇਤ ਇਸ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਗੱਤਕਾ ਦੱਲ ਵਾਲੇ ਵੀ ਆਪਣੇ ਜੌਹਰ ਵਿਖਾ ਰਹੇ ਸਨ। ਦਿੱਲੀ ਦੀਆਂ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਤੇ ਸਵਾਗਤੀ ਗੇਟ ਬਣਾਏ ਹੋਏ ਸਨ। ਲੰਗਰ ਅਤੁੱਟ ਵਰਤ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁਰਬ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੈ 10 ਨਵੰਬਰ ਨੂੰ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ।