ਅਡੂ(ਮਾਲਦੀਪ)- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 17 ਸਾਰਕ ਸਿੱਖਰ ਸੰਮੇਲਨ ਦੌਰਾਨ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨ ਦਾ ਸਮਾਂ ਆ ਗਿਆ ਹੈ। ਦੋਵਾਂ ਦੇਸ਼ਾਂ ਨੇ ਮੋਸਟ ਫੇਵਰਟ ਨੇਸ਼ਨ ਸਟੇਟਸ (ਐਮਐਫਐਨ) ਦੇ ਅਧਾਰਤ ਤੇ ਦੋਧਿਰੀ ਵਪਾਰ ਤੇ ਸਹਿਮਤੀ ਵੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗਿਲਾਨੀ ਨੂੰ ਸਦਾ ਅਮਨ ਪਸੰਦ ਮੰਨਿਆ ਹੈ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਸਾਰਕ ਸਿੱਖਰ ਸੰਮੇਲਨ ਦੌਰਾਨ ਸ਼ਾਂਗਰੀਲਾ ਰੀਜਾਰਟ ਵਿੱਚ ਮਿਲੇ। ਦੋਵਾਂ ਵਿੱਚਕਾਰ ਘੰਟਾਭਰ ਚਲੀ ਮੀਟਿੰਗ ਦੌਰਾਨ ਜਲਦੀ ਤੋਂ ਜਲਦੀ ਉਦਾਰ ਵੀਜ਼ਾ ਪ੍ਰਣਾਲੀ ਦੀ ਸਥਾਪਨਾ ਦਾ ਫੈਸਲਾ ਅਤੇ ਜਾਇੰਟ ਕਮਿਸ਼ਨ ਨੂੰ ਫਿਰ ਤੋਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਗਿਲਾਨੀ ਨੇ ਉਨ੍ਹਾਂ ਦੀ ਇਹ ਗੱਲ ਮੰਨੀ ਕਿ ਦੋਵਾਂ ਦੇਸ਼ਾਂ ਕੋਲ ਇਹ ਬਹੁਤ ਕੀਮਤੀ ਮੌਕਾ ਹੈ। ਇਸ ਲਈ ਗੱਲਬਾਤ ਦਾ ਅਗਲਾ ਦੌਰ ਵੱਧ ਨਤੀਜੇ ਦੇਣ ਵਾਲਾ ਹੋਣਾ ਚਾਹੀਦਾ ਹੈ।
ਪ੍ਰਧਾਨਮੰਤਰੀ ਨੇ ਕਿਹਾ, ‘ ਅਸਾਂ ਇਸ ਉਮੀਦ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਦਿਕਤਾਂ ਪੈਦਾ ਕਰਨ ਵਾਲੇ ਸਾਰੇ ਮੁੱਦਿਆਂ ਤੇ ਇਮਾਨਦਾਰੀ ਨਾਲ ਗੱਲਬਾਤ ਕੀਤੀ ਜਾ ਸਕੇ।’ ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਤਕਦੀਰਾਂ ਇੱਕ – ਦੂਸਰੇ ਨਾਲ ਜੁੜੀਆਂ ਹੋਈਆਂ ਹਨ। ਗਿਲਾਨੀ ਨੇ ਕਿਹਾ ਕਿ ਸਿੰਘ ਦੇ ਨਾਲ ਪਾਣੀ, ਅੱਤਵਾਦ, ਸਰਕਰੀਕ, ਸਿਆਚਿਨ, ਕਾਰੋਬਾਰ ਅਤੇ ਕਸ਼ਮੀਰ ਵਰਗੇ ਅਹਿਮ ਮੁੱਦਿਆਂ ਤੇ ਚਰਚਾ ਹੋਈ।ਉਨ੍ਹਾਂ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਗੱਲਬਾਤ ਦਾ ਅਗਲਾ ਦੌਰ ਹੋਰ ਵੀ ਜਿਆਦਾ ਰਚਨਾਤਮਕ ਅਤੇ ਸਕਾਰਤਮਕ ਹੋਵੇਗਾ ਅਤੇ ਦੋਵਾਂ ਦੇਸ਼ਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਖੋਲੇਗਾ।