ਅੰਮ੍ਰਿਤਸਰ: -ਨਾਮਵਰ ਢਾਡੀ ਦਇਆ ਸਿੰਘ ਦਿਲਬਰ ਤੇ ਮਹਾਨ ਕਵੀਸ਼ਰ ਪੰਡਿਤ ਮੋਹਨ ਸਿੰਘ ਘਰਿਆਲਾ ਦੀਆਂ ਤਸਵੀਰਾਂ ਅੱਜ ਅਰਦਾਸ ਉਪਰੰਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤਆਂ ਗਈਆਂ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਅਰਦਾਸ ਭਾਈ ਧਰਮ ਸਿੰਘ ਨੇ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਢਾਡੀ ਦਇਆ ਸਿੰਘ ਦਿਲਬਰ ਅਤੇ ਕਵੀਸ਼ਰ ਪੰਡਿਤ ਮੋਹਨ ਸਿੰਘ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਸਵ: ਸ. ਦਇਆ ਸਿੰਘ ਦਿਲਬਰ ਦੀ ਧਰਮ ਪਤਨੀ ਬੀਬੀ ਸੰਤ ਕੌਰ ਉਨ੍ਹਾਂ ਦੇ ਬੇਟੇ ਸ. ਕੁਲਜੀਤ ਸਿੰਘ ਦਿਲਬਰ ਅਤੇ ਕਵੀਸ਼ਰ ਪੰਡਤ ਮੋਹਨ ਸਿੰਘ ਘਰਿਆਲਾ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਅਤੇ ਬੇਟੇ ਸ. ਸੁਰਿੰਦਰ ਸਿੰਘ ਐਡਵੋਕੇਟ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਮੰਚ ਦਾ ਸੰਚਾਲਨ ਸ. ਦਲਮੇਘ ਸਿੰਘ ਨੇ ਕੀਤਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਕਾਲ ਤੋਂ ਲੈ ਕੇ ਅੱਜ ਤੀਕ ਕੌਮ ਦੇ ਸ਼ਹੀਦਾਂ, ਵਿਦਵਾਨਾਂ, ਸਿੱਖ ਕੌਮ, ਗੁਰੂ ਗ੍ਰੰਥ ਅਤੇ ਗੁਰੂ ਪੰਥ ਪ੍ਰਤੀ ਵਿਲੱਖਣ ਸੇਵਾ ਕਰਨ ਵਾਲੀਆਂ ਮਹਾਨ ਸਖਸ਼ੀਅਤਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਕਰਕੇ ਸਿੱਖ ਇਤਿਹਾਸ ਦੀ ਸੰਭਾਲ ਕੀਤੀ ਗਈ ਹੈ। ਕੌਮ ਦੇ ਸ਼ਾਨਾਂਮੱਤੇ ਇਤਿਹਾਸ ਤੇ ਵਿਰਸੇ ਨੂੰ ਰੂਪ ਮਾਨ ਕਰਦੇ ਇਸ ਅਜਾਇਬ ਘਰ ਤੋਂ ਸਿੱਖ ਜਗਤ ਹਮੇਸ਼ਾਂ ਪ੍ਰੇਰਨਾ ਤੇ ਸੇਧ ਲੈਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਢਾਡੀ ਦਇਆ ਸਿੰਘ ਦਿਲਬਰ ਤੇ ਕਵੀਸ਼ਰ ਪੰਡਿਤ ਮੋਹਨ ਸਿੰਘ ਘਰਿਆਲਾ ਨੇ ਜੀਵਨ ਦਾ ਲੰਮਾਂ ਸਮਾਂ ਢਾਡੀ ਤੇ ਕਵੀਸ਼ਰ ਕਲਾ ਰਾਹੀਂ ਸੰਗਤਾਂ ਨੂੰ ਆਪਣੇ ਧਰਮ, ਵਿਰਸੇ ਤੇ ਇਤਿਹਾਸ ਨਾਲ ਜੋੜਿਆ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡਾ ਯੋਗਦਾਨ ਪਾਇਆ ਹੈ, ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਢਾਡੀ ਦਇਆ ਸਿੰਘ ਦਿਲਬਰ ਨੇ ਲੰਮਾਂ ਸਮਾਂ ਦੇਸ਼-ਵਿਦੇਸ਼ਾਂ ਵਿਚ ਢਾਡੀ ਕਲਾ ਦਾ ਲੋਹਾ ਮਨਾਇਆਂ ਅਤੇ 20 ਦੇ ਕਰੀਬ ਕਾਵਿ/ਸਾਹਿਤਕ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚ 6 ਪੁਸਤਕਾਂ ਢਾਡੀ ਪ੍ਰਸੰਗ ਤੇ ਵਾਰਾਂ ਦੀਆਂ ਹਨ। ਢਾਡੀ ਕਲਾ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਪੰਜਾਬ ਸਰਕਾਰ ਭਾਸ਼ਾ ਵਿਭਾਗ ਪਟਿਆਲਾ ਵਲੋਂ ਸ਼੍ਰੋਮਣੀ ਢਾਡੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਹ ਲੰਮਾਂ ਸਮਾਂ ਸ੍ਰੀ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਤੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਬੰਗਾ ਦੇ 20 ਸਾਲ ਪ੍ਰਧਾਨ ਰਹੇ। ਪੰਡਿਤ ਮੋਹਨ ਸਿੰਘ ਕਵੀਸ਼ਰ ਨੇ ਸਿੱਖ ਇਤਿਹਾਸ ਨੂੰ ਢਾਡਾਂ ਵਾਰਾਂ ਤੇ ਪ੍ਰਸੰਗਾਂ ਵਿਚ ਲਿਖਿਆ ਹੈ ਜੋ ਅਜੋਕੇ ਢਾਡੀ ਗਾ ਰਹੇ ਹਨ। ਉਹ ਦੇਸ਼ ਭਗਤ, ਪੰਥ ਨੂੰ ਸਮਰਪਿਤ ਅਤੇ ਸਿੱਖੀ ਦੇ ਪ੍ਰਚਾਰ ਨੂੰ ਪਹਿਲ ਦੇਣ ਵਾਲੇ ਇਨਸਾਨ ਸਨ। ਉਨ੍ਹਾਂ ਨੇ ਕਈ ਨਾਮਵਰ ਕਵੀਸ਼ਰ ਕੌਮ ਦੀ ਝੋਲੀ ਪਾਏ।
ਇਸ ਮੌਕੇ ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਬਲਦੇਵ ਸਿੰਘ ਐਮ.ਏ., ਸ. ਸੁਖਵਿੰਦਰ ਸਿੰਘ (ਸਿੱਧੂ), ਸ. ਖੁਸ਼ਵਿੰਦਰ ਸਿੰਘ (ਭਾਟੀਆ) ਤੇ ਸ. ਮਹਿੰਦਰ ਸਿੰਘ ਰੁਮਾਣਾ, ਸਕੱਤਰ ਸ. ਦਲਮੇਘ ਸਿੰਘ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ, ਮੀਤ ਸਕੱਤਰ ਸ. ਉਂਕਾਰ ਸਿੰਘ ਤੇ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਕਵੀਸ਼ਰ ਸ. ਬਲਦੇਵ ਸਿੰਘ ਬੈਂਕਾ, ਮੈਨੇਜਰ ਸ. ਹਰਭਜਨ ਸਿੰਘ, ਐਡੀ: ਮੈਨੇਜਰ ਸ. ਬਲਵਿੰਦਰ ਸਿੰਘ (ਭਿੰਡਰ) ਤੋਂ ਇਲਾਵਾ ਸ. ਬਲਵਿੰਦਰ ਸਿੰਘ ਝਬਾਲ, ਸ. ਬਲਕਾਰ ਸਿੰਘ ਸਰਪੰਚ ਘਰਿਆਲਾ, ਭਾਈ ਮੋਹਕਮ ਸਿੰਘ, ਢਾਡੀ ਭਾਈ ਪੂਰਨ ਸਿੰਘ ਅਰਸ਼ੀ, ਸ. ਅਜੈਬ ਸਿੰਘ, ਸ. ਗੁਰਦਿਆਲ ਸਿੰਘ, ਸ. ਗੁਰਪ੍ਰਤਾਪ ਸਿੰਘ, ਭਾਈ ਗੁਰਮੁਖ ਸਿੰਘ ਰਮਦਾਸ, ਸ. ਗੁਲਜਾਰ ਸਿੰਘ ਤੇ ਸ. ਦੇਸਾ ਸਿੰਘ, ਵੱਡੀ ਗਿਣਤੀ ’ਚ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਤੋਂ ਇਲਾਵਾ ਸ. ਦਇਆ ਸਿੰਘ ਦਿਲਬਰ ਅਤੇ ਪੰਡਤ ਮੋਹਨ ਸਿੰਘ ਘਰਿਆਲਾ ਦੇ ਪ੍ਰੀਵਾਰਾਂ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਸੱਜਣ ਮਿੱਤਰ ਮੌਜੂਦ ਸਨ।