ਚੰਡੀਗੜ੍ਹ- ਪੁਲਿਸ ਦੀ ਸੁਰੱਕਿਆ ਦੀ ਪੋਲ ਉਸ ਸਮੇਂ ਖੁਲ੍ਹ ਗਈ ਜਦੋਂ ਜਿਲ੍ਹਾ ਅਦਾਲਤ ਦੇ ਗੇਟ ਤੇ 133 ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਖਾੜਕੂ ਜਗਤਾਰ ਸਿੰਘ ਹਵਾਰਾ ਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਮੈਂਬਰਾਂ ਵਲੋਂ ਹਮਲਾ ਕੀਤਾ ਗਿਆ।
ਹਵਾਰਾ ਅਤੇ ਪਰਮਜੀਤ ਸਿੰਘ ਭਿਊਰਾ ਨੂੰ ਤਿਹਾੜ ਜੇਲ੍ਹ ਵਿਚੋਂ ਸ਼ੁਕਰਵਾਰ ਨੂੰ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਪੇਸ਼ੀ ਦੇ ਲਈ ਜਿਲ੍ਹਾ ਅਦਾਲਤ ਵਿੱਚ ਲਿਆਂਦਾ ਗਿਆ ਸੀ। ਇਸ ਦੌਰਾਨ ਆਪਣੇ ਆਪ ਨੂੰ ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦਾ ਮੈਂਬਰ ਅਖਵਾਉਣ ਵਾਲੇ ਨਿਸ਼ਾਂਤ ਨੇ ਹਵਾਰਾ ਤੇ ਹਮਲਾ ਕਰ ਦਿੱਤਾ। ਹਮਲਾਵਰ ਹਵਾਰਾ ਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ ਅਤੇ ਉਸ ਦੀ ਛਾਤੀ ਅਤੇ ਸਿਰ ਤੇ ਵਾਰ ਕੀਤੇ। ਇਹ ਹਮਲਾ ਚਾਕੂ ਜਾਂ ਰੀਵਾਲਵਰ ਨਾਲ ਹੋ ਜਾਂਦਾ ਤਾਂ ਕੁਝ ਵੀ ਹੋ ਸਕਦਾ ਸੀ। ਸੁਰੱਖਿਆ ਘੇਰਾ ਟੁੱਟ ਚੁਕਿਆ ਸੀ ਅਤੇ ਹਵਾਰਾ ਦੇ ਨਾਲ ਸਿਰਫ਼ ਇੱਕ ਜਵਾਨ ਹੀ ਰਹਿ ਗਿਆ ਸੀ, ਬਾਕੀ ਸਾਰੇ ਏਧਰ ਓਧਰ ਖਿੰਡਪੁੰਡ ਗਏ ਸਨ। ਨਿਸ਼ਾਂਤ ਨੇ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਹਵਾਰਾ ਦੀਛਾਤੀ ਵਿੱਚ ਆਪਣਾ ਸਿਰ ਮਾਰਿਆ। ਹਵਾਰਾ ਨੇ ਬੜੀ ਫੁਰਤੀ ਅਤੇ ਬਹਾਦਰੀ ਵਿਖਾਂਉਦੇ ਹੋਏ ਨਿਸ਼ਾਂਤ ਦੇ ਮੂੰਹ ਤੇ ਜੋਰ ਦੀ ਚਪੇੜ ਮਾਰੀ। ਇਸ ਤੋਂ ਬਾਅਦ ਪੁਲਿਸ ਨੇ ਹਵਾਰਾ ਨੂੰ ਘੇਰ ਲਿਆ ਅਤੇ ਨਿਸ਼ਾਂਤ ਦੇ ਨਾਲ ਉਸਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਨਿਸ਼ਾਂਤ ਸ਼ਰਮਾ,ਆਸ਼ੂਤੋਸ਼,ਰਮੇਸ਼ ਦੱਤ ਅਤੇ ਮਨੀਸ਼ ਸੂਦ ਨੂੰ ਹਵਾਰਾ ਤੇ ਹਮਲਾ ਕਰਨ, ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਦਹਿਸ਼ਤ ਫੈਲਾਉਣ ਦੇ ਜੁਰਮ ਵਿੱਚ ਕੇਸ ਦਰਜ਼ ਕੀਤਾ ਗਿਆ ਹੈ।
ਹਵਾਰਾ ਤੇ ਹਮਲੇ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਭਾਰੀ ਰੋਸ ਪ੍ਰਗਟਾਇਆ ਅਤੇ ਨਾਹਰੇਬਾਜ਼ੀ ਕੀਤੀ। ਲਖਵਿੰਦਰ ਸਿੰਘ ਦੀ ਪੁਲਿਸ ਨਾਲ ਜਮਕੇ ਬਹਿਸ ਹੋਈ। ਇੰਸਪੈਕਟਰ ਦਿਲਸ਼ੇਰ ਚੰਦੇਲ ਨੇ ਦਖਲਅੰਦਾਜੀ ਕੀਤੀ ਤਾਂ ਉਨ੍ਹਾਂ ਵਿੱਚ ਗਾਲੀਗਲੋਚ ਦੀ ਨੌਬਤ ਆ ਗਈ। ਫਿਰ ਦਿਲਸ਼ੇਰ ਨੂੰ ਪਾਸੇ ਕਰ ਦਿੱਤਾ ਗਿਆ। ਲੋਕਾਂ ਨੇ ਏਐਸਪੀ ਦੇਸ਼ਰਾਜ ਦੇ ਸਾਦੀ ਵਰਦੀ ਵਿੱਚ ਹੋਣ ਦਾ ਵੀ ਵਿਰੋਧ ਕੀਤਾ।