ਅੰਮ੍ਰਿਤਸਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਇਥੋਂ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਮੈਚਾਂ ਦੌਰਾਨ ਭਾਰਤ ਤੇ ਤੁਰਕਮੇਸਿਤਾਨ ਦੀਆਂ ਮਹਿਲਾ ਕਬੱਡੀ ਟੀਮਾਂ ਵਿਚਾਲੇ ਮੈਚਾਂ ਦੀ ਸ਼ੁਰੂਆਤ ਨਾਲ ਮਹਿਲਾ ਵਿਸ਼ਵ ਕੱਪ ਕਬੱਡੀ ਦਾ ਵੀ ਆਗਾਜ਼ ਹੋ ਗਿਆ। ਭਾਰਤ ਨੇ ਤੁਰਕਮੇਸਿਤਾਨ ਨੂੰ 50-12 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।
ਅੱਜ ਦੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਭਾਰਤ ਤੇ ਤੁਰਕਮੇਸਿਤਾਨ ਦੀਆਂ ਮਹਿਲਾ ਕਬੱਡੀ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ। 25 ਲੱਖ ਰੁਪਏ ਦੇ ਪਹਿਲੇ ਇਨਾਮ ਨਾਲ ਪਹਿਲੀ ਵਾਰ ਮਹਿਲਾ ਵਰਗ ਦਾ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਪੁਰਸ਼ ਵਰਗ ਦਾ ਵਿਸ਼ਵ ਕੱਪ ਪਿਛਲੇ ਸਾਲ ਸ਼ੁਰੂ ਕਰਵਾਇਆ ਗਿਆ ਸੀ। ਮਹਿਲਾਵਾਂ ਦੇ ਪਹਿਲੇ ਵਿਸ਼ਵ ਕੱਪ ਵਿੱਚ ਭਾਰਤ, ਤੁਰਕਮੇਸਿਤਾਨ, ਇੰਗਲੈਂਡ ਤੇ ਅਮਰੀਕਾ ਦੀਆਂ ਚਾਰ ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਫਲੱਡ ਲਾਈਟਾਂ ਵਾਲੇ ਸਟੇਡੀਅਮ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਰਦਾਂ ਦੀ ਕਬੱਡੀ ਨੂੰ ਤਾਂ ਪਿਛਲੇ ਸਾਲ ਹੀ ਮਾਣ ਮਿਲ ਗਿਆ ਸੀ ਜਦੋਂ ਕਿ ਅੱਜ ਤੋਂ ਮਹਿਲਾ ਵਿਸ਼ਵ ਕੱਪ ਦੀ ਵੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ’ਤੇ ਅੱਜ ਦਾ ਦਿਨ ਮਹਿਲਾ ਕਬੱਡੀ ਲਈ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਨੂੰ ਉਪਰ ਉਠਾਉਣ ਦਾ ਕੀਤਾ ਯਤਨ ਅੱਜ ਸਫਲ ਹੁੰਦਾ ਨਜ਼ਰ ਆ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਵਿਸ਼ਵ ਕੱਪ ਦੀ ਸਫਲਤਾ ਨੂੰ ਦੇਖ ਕੇ ਹੋਰਨਾਂ ਕਈ ਮੁਲਕਾਂ ਵੱਲੋਂ ਕਬੱਡੀ ਖੇਡਣ ਦੀ ਫਰਮਾਇਸ਼ ਕੀਤੀ ਗਈ ਹੈ। ਅਗਲੇ ਸਾਲ ਮਹਿਲਾ ਵਿਸ਼ਵ ਕੱਪ ਵਿੱਚ ਹੋਰ ਨਵੀਆਂ ਟੀਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਬੱਡੀ ਖੇਡ ਨੂੰ ਓਲੰਪਿਕ ਖੇਡਾਂ ਵਿੱਚ ਲਿਜਾਣ ਲਈ ਇਹ ਵਿਸ਼ਵ ਕੱਪ ਬਹੁਤ ਅਹਿਮ ਰੋਲ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਬੱਡੀ ਤੇ ਹਾਕੀ ਤੋਂ ਇਲਾਵਾ ਹੋਰ ਖੇਡਾਂ ਦੇ ਅਜਿਹੇ ਕੌਮਾਂਤਰੀ ਮੁਕਾਬਲੇ ਕਰਵਾਏਗੀ ਤਾਂ ਜੋ ਪੰਜਾਬ ਪੂਰੀਆਂ ਦੁਨੀਆਂ ਵਿੱਚ ਵੱਡੀ ਖੇਡ ਸ਼ਕਤੀ ਬਣ ਜਾਵੇ।
ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਤੁਰਕਮੇਸਿਤਾਨ ਨੂੰ 50-12 ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ। ਅੱਧੇ ਸਮੇਂ ਤੱਕ ਭਾਰਤੀ ਟੀਮ 12-8 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਦੇਵੀ ਨੇ 8 ਅਤੇ ਰਾਜਵਿੰਦਰ ਕੌਰ ਰਾਜੂ ਨੇ 6 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਜਤਿੰਦਰ ਕੌਰ ਤੇ ਅਨੂ ਰਾਣੀ ਨੇ 4-4 ਜੱਫੇ ਲਾਏ। ਭਾਰਤ ਦੀ ਜਾਫ ਲਾਈਨ ਦੀ ਹਰ ਖਿਡਾਰਨ ਜੱਫੇ ਲਾਏ। ਤੁਰਕਮੇਸਿਤਾਨ ਵੱਲੋਂ ਰੇਡਰ ਨਰਗੁਲ ਨੇ 4 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਮੇਰੇਜਿਨ ਤੇ ਵੇਵੇਗੇਨੀਆ ਨੇ 1-1 ਜੱਫੇ ਲਾਏ।
ਇਸ ਤੋਂ ਪਹਿਲਾਂ ਅੱਜ ਦੇ ਮੈਚਾਂ ਦੀ ਸ਼ੁਰੂਆਤ ਪੁਰਸ਼ ਵਰਗ ਵਿੱਚ ਪੂਲ ‘ਬੀ’ ਦੇ ਮੁਕਾਬਲੇ ਨਾਲ ਹੋਈ ਜਿਸ ਵਿੱਚ ਅਰਜਨਟਾਈਨਾ ਨੇ ਸ੍ਰੀਲੰਕਾ ਨੂੰ 53-49 ਨਾਲ ਹਰਾ ਕੇ ਆਪਣਾ ਖਾਤਾ ਖੋਲ੍ਹਿਆ। ਅਰਜਨਟਾਈਨਾ ਦੀ ਟੀਮ ਅੱਧੇ ਸਮੇਂ ਤੱਕ 23-22 ਨਾਲ ਅੱਗੇ ਸੀ। ਇਹ ਮੈਚ ਬਹੁਤ ਫਸਵਾਂ ਅਤੇ ਹਰ ਰੇਡ ’ਤੇ ਕਾਂਟੇ ਦੀ ਟੱਕਰ ਵਾਲਾ ਸੀ। ਅਰਜਨਟਾਈਨਾ ਵੱਲੋਂ ਰੇਡਰ ਯੂਰੀ ਮਾਇਰ ਨੇ 23 ਅਤੇ ਲੀਓਨਾਰਡੋ ਨੇ 15 ਅੰਕ ਬਟੋਰੇ ਜਦੋਂ ਕਿ ਜਾਫੀ ਸਟੈਂਟੋ ਸਲੈਬ ਨੇ 7 ਜੱਫੇ ਲਾਏ। ਸ੍ਰੀਲੰਕਾ ਵੱਲੋਂ ਰੇਡਰ ਈਸਰੂ ਨੇ 12 ਅੰਕ ਬਟੋਰੇ ਅਤੇ ਰਵੀਇੰਦਰਾ ਨੇ 2 ਜੱਫੇ ਲਾਏ।
ਇਸ ਮੌਕੇ ਸੰਸਦ ਮੈਂਬਰ ਸ. ਨਵਜੋਤ ਸਿੰਘ ਸਿੱਧੂ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ ਰਾਣੀਕੇ, ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ, ਵਿਧਾਇਕ ਸ੍ਰੀ ਅਨਿਲ ਜੋਸ਼ੀ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਤੇ ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ ਆਦਿ ਹਾਜ਼ਰ ਸਨ।