ਹੁਸ਼ਿਆਰਪੁਰ,(ਗੁਰਿੰਦਰਜੀਤ ਸਿੰਘ ਪੀਰਜੈਨ) -ਇਥੋਂ ਦੇ ਆਊਟਡੋਰ ਮਲਟੀਪਰਪਜ਼ ਸਟੇਡੀਅਮ ਵਿਖੇ ਅੱਜ ਖੇਡੇ ਗਏ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਮੁਕਾਬਲਿਆਂ ਦੇ ਆਖਰੀ ਮੈਚ ਵਿੱਚ ਇਟਲੀ ਨੇ ਨਾਰਵੇ ਨੂੰ 49-33 ਨਾਲ ਹਰਾ ਕੇ ਹੋਰ ਵੀ ਰੌਚਕ ਬਣਾ ਦਿੱਤਾ ਹੈ। ਪੂਲ ‘ਬੀ’ ਵਿੱਚ ਅਮਰੀਕਾ ਪਹਿਲਾਂ ਹੀ ਸਾਰੇ 6 ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕਾ ਹੈ ਜਦੋਂ ਕਿ ਸੈਮੀ ਫਾਈਨਲ ਲਈ ਦੂਜੀ ਥਾਂ ਬਾਰੇ ਪਾਕਿਸਤਾਨ, ਨਾਰਵੇ ਤੇ ਇਟਲੀ ਵਿਚਾਲੇ ਕਾਂਟੇ ਦੀ ਟੱਕਰ ਬਣ ਗਈ ਹੈ।
ਪਾਕਿਸਤਾਨ, ਨਾਰਵੇ ਤੇ ਇਟਲੀ ਦੀਆਂ ਟੀਮਾਂ ਨੇ 5-5 ਮੈਚ ਖੇਡ ਲਏ ਹਨ ਅਤੇ 1-1 ਮੈਚ ਬਾਕੀ ਹੈ। ਪਾਕਿਸਤਾਨ ਨੇ ਹੁਣ ਤੱਰ ਚਾਰ ਮੈਚ ਜਿੱਤੇ ਹਨ ਜਦੋਂ ਕਿ ਨਾਰਵੇ ਤੇ ਇਟਲੀ ਨੇ 3-3 ਮੈਚ ਜਿੱਤੇ ਹਨ। ਪਾਕਿਸਤਾਨ ਦਾ ਆਖਰੀ ਮੁਕਾਬਲਾ ਸਪੇਨ, ਨਾਰਵੇ ਦਾ ਅਮਰੀਕਾ ਅਤੇ ਇਟਲੀ ਦਾ ਸ੍ਰੀਲੰਕਾ ਵਿਰੁੱਧ ਹੈ।
ਅੱਜ ਦੇ ਆਖਰੀ ਮੈਚ ਵਿੱਚ ਇਟਲੀ ਨੇ ਨਾਰਵੇ ਵਿਰੁੱਧ ਸ਼ੁਰੂ ਵਿੱਚ ਹੀ ਲੀਡ ਲੈ ਲਈ ਅਤੇ ਅੰਤ ਤੱਕ ਜੇਤੂ ਸਾਬਤ ਹੋਈ। ਇਟਲੀ ਦੀ ਟੀਮ ਅੱਧੇ ਸਮੇਂ ਤੱਕ 25-13 ਨਾਲ ਅੱਗੇ ਸੀ। ਇਟਲੀ ਵੱਲੋਂ ਰੇਡਰ ਪਰਮਿੰਦਰ ਸਿੰਘ ਪਿੰਦਰੀ ਨੇ 10 ਅਤੇ ਮਨਜਿੰਦਰ ਸਿੰਘ ਪਰਸਰਾਮਪੁਰ ਨੇ 9 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਗੁਰਪ੍ਰੀਤ ਸਿੰਘ ਗੋਪੀ ਨੇ 5 ਅਤੇ ਪਰਮਜੀਤ ਸਿੰਘ ਬਿੱਟੀ ਨੇ 4 ਜੱਫੇ ਲਾਏ। ਨਾਰਵੇ ਦੇ ਹਰਜਿੰਦਰ ਸਿੰਘ ਜਿੰਦੂ ਟਿੱਬਾ ਨੇ 12 ਅੰਕ ਲਏ ਜਦੋਂ ਕਿ ਜਾਫੀ ਗੀਤੂ ਪੱਤੜ ਨੇ 6 ਜਾਫੀ ਲਾਏ।