ਹੁਸ਼ਿਆਰਪੁਰ,(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਸਰਕਾਰ ਵੱਲੋਂ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਨੂੰ ਪੂਰਨ ਤੌਰ ’ਤੇ ਡੋਪ ਮੁਕਤ ਕਰਨ ਦੇ ਟੀਚੇ ਨਾਲ ਡੋਪਿੰਗ ਕੰਟਰੋਲ ਕਮੇਟੀ ਵੱਲੋਂ ਹਰ ਮੈਚ ਉਪਰੰਤ ਖਿਡਾਰੀਆਂ ਦੇ ਲਏ ਜਾ ਰਹੇ ਡੋਪ ਟੈਸਟਾਂ ਦੌਰਾਨ ਅੱਜ ਹੁਸ਼ਿਆਰਪੁਰ ਵਿਖੇ ਖੇਡੇ ਗਏ ਮੈਚਾਂ ਦੌਰਾਨ ਅਮਰੀਕੀ ਖਿਡਾਰੀਆਂ ਨੇ ਡੋਪ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੁਸ਼ਿਆਰਪੁਰ ਵਿਖੇ ਖੇਡੇ ਗਏ ਚਾਰ ਮੈਚਾਂ ਵਿੱਚੋਂ ਇਕ ਮੁਕਾਬਲਾ ਅਮਰੀਕਾ ਤੇ ਸ੍ਰੀਲੰਕਾ ਵਿਚਾਲੇ ਸੀ। ਮੈਚ ਉਪਰੰਤ ਜਦੋਂ ਅਮਰੀਕੀ ਖਿਡਾਰੀਆਂ ਨੂੰ ਡੋਪ ਟੈਸਟ ਲਈ ਡੋਪਿੰਗ ਕੰਟਰੋਲ ਸਟੇਸ਼ਨ ਲਿਜਾਣ ਲਈ ਨੋਟੀਫਿਕੇਸ਼ਨ ਦਿੱਤਾ ਤਾਂ ਅਮਰੀਕੀ ਖਿਡਾਰੀਆਂ ਨੇ ਡੋਪ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਬੰਧਕੀ ਤੇ ਤਕਨੀਕੀ ਕਮੇਟੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਆਉਂਦੇ ਦਿਨਾਂ ਵਿੱਚ ਇਸ ਬਾਰੇ ਕੋਈ ਅੰਤਿਮ ਫੈਸਲਾ ਲਵੇਗੀ।
ਡੋਪਿੰਗ ਕੰਟਰੋਲ ਕਮੇਟੀ ਵੱਲੋਂ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਸਹਿਯੋਗ ਨਾਲ ਹਰ ਮੈਚ ਉਪਰੰਤ ਖਿਡਾਰੀਆਂ ਦਾ ਡੋਪ ਟੈਸਟ ਲਿਆ ਜਾਂਦਾ ਹੈ ਜਿਸ ਦੇ ਸੈਂਪਲਾਂ ਨੂੰ ਜਾਂਚ ਲਈ ਨਵੀਂ ਦਿੱਲੀ ਦੀ ਨੈਸ਼ਨਲ ਡੋਪਿੰਗ ਕੰਟਰੋਲ ਲੈਬਾਰਟਰੀ ਭੇਜਿਆ ਜਾਂਦਾ ਹੈ। ਵਿਸ਼ਵ ਕੱਪ ਵਿੱਚ ਹੁਣ ਤੱਕ 150 ਤੋਂ ਵੱਧ ਖਿਡਾਰੀਆਂ ਦਾ ਡੋਪ ਟੈਸਟ ਹੋ ਚੁੱਕਾ ਹੈ ਜਦੋਂ ਕਿ ਦੋ ਦਰਜਨ ਦੇ ਕਰੀਬ ਡੋਪਿੰਗ ਵਿੱਚ ਦੋਸ਼ੀ ਪਾਏ ਜਾ ਚੁੱਕੇ ਹਨ।