ਮਾਨਸਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਅੱਜ ਇਥੋਂ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੁਰਸ਼ ਵਰਗ ਦੇ ਪੂਲ ‘ਏ’ ਦੇ ਆਖਰੀ ਲੀਗ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਇੰਗਲੈਂਡ ਨੇ ਨੇਪਾਲ ਨੂੰ 63-18, ਭਾਰਤ ਨੇ ਅਫਗਾਨਸਿਤਾਨ ਨੂੰ 50-17 ਅਤੇ ਕੈਨੇਡਾ ਨੇ ਜਰਮਨੀ ਨੂੰ 58-19 ਨਾਲ ਹਰਾਇਆ। ਮਹਿਲਾ ਵਰਗ ਵਿੱਚ ਅਮਰੀਕਾ ਨੇ ਇੰਗਲੈਂਡ ਨੂੰ ਬਰਾਬਰੀ ’ਤੇ ਡੱਕਦਿਆਂ ਮਹਿਲਾ ਵਰਗ ਵਿੱਚ ਫਾਈਨਲ ਦੀ ਦੌੜ ਨੂੰ ਹੋਰ ਜਬਰਦਸਤ ਬਣਾ ਦਿੱਤਾ। ਪੂਲ ‘ਏ’ ਵਿੱਚ ਭਾਰਤ ਨੇ ਸਾਰੇ 6 ਮੈਚ ਜਿੱਤ ਕੇ ਪਹਿਲਾ ਅਤੇ ਕੈਨੇਡਾ ਨੇ 6 ਵਿੱਚੋਂ 5 ਮੈਚ ਜਿੱਤ ਕੇ ਦੂਜਾ ਸਥਾਨ ਹਾਸਲ ਕਰ ਕੇ ਸੈਮੀ ਫਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ।
ਅੱਜ ਦੇ ਮੈਚਾਂ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ ਵਜੋਂ ਪੁੱਜੇ ਜਿਨ੍ਹਾਂ ਨੇ ਟੀਮਾਂ ਨਾਲ ਜਾਣ-ਪਛਾਣ ਕਰ ਕੇ ਮੈਚਾਂ ਦੀ ਸ਼ੁਰੂਆਤ ਕਰਵਾਈ। ਇਸ ਤੋਂ ਪਹਿਲਾਂ ਸ. ਬਾਦਲ ਨੇ ਮਾਨਸਾ ਵਿਖੇ ਬਣਾਏ ਨਵੇਂ ਅਤਿ ਆਧੁਨਿਕ ਸਹੂਲਤਾਂ ਵਾਲੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਦਾ ਉਦਘਾਟਨ ਕੀਤਾ।
ਇਸ ਮੌਕੇ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਵਿਸ਼ਵ ਕੱਪ ਆਪਣੇ ਸਿਖਰਾਂ ਨੂੰ ਛੂੰਹ ਰਿਹਾ ਹੈ ਅਤੇ ਇਸ ਨਾਲ ਕਬੱਡੀ ਖੇਡ ਦਾ ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿੱਚ ਦਾਖਲੇ ਦਾ ਦਾਅਵਾ ਮਜ਼ਬੂਤ ਹੋਇਆ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪ੍ਰਫੁੱਲਤ ਕੀਤਾ ਹੈ ਅਤੇ ਪੰਜਾਬ ਦੀਆਂ ਸੱਥਾਂ ਵਿੱਚ ਖੇਡੀ ਜਾਣ ਵਾਲੀ ਇਹ ਖੇਡ ਅੱਜ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਪ੍ਰਫੂਲਤ ਕਰਨ ਲਈ ਰਾਜ ਅੰਦਰ ਨਵੇਂ ਕਬੱਡੀ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਵਿਖੇ ਦਰਸ਼ਕਾਂ ਦੇ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਮਾਲਵੇ ਦੇ ਲੋਕ ਆਪਣੀ ਮਹਿਬੂਬ ਖੇਡ ਨੂੰ ਕਿੰਨਾ ਪਿਆਰ ਕਰਦੇ ਹਨ।
ਅੱਜ ਦੇ ਪਹਿਲੇ ਮੈਚ ਵਿੱਚ ਮਹਿਲਾ ਵਰਗ ਦੀਆਂ ਟੀਮਾਂ ਇੰਗਲੈਂਡ ਤੇ ਅਮਰੀਕਾ ਆਹਮੋ-ਸਾਹਮਣੇ ਸੀ। ਇੰਗਲੈਂਡ ਦੀ ਟੀਮ ਨੇ ਇਕ ਵਾਰ ਲੀਡ ਲੈ ਲਈ ਸੀ ਪਰ ਇੰਗਲੈਂਡ ਦੀਆਂ ਖਿਡਾਰਨਾਂ ਘੱਟ ਹੋਣ ਕਾਰਨ ਅਮਰੀਕਾ ਨੂੰ ਦੋ ਤਕਨੀਕੀ ਅੰਕ ਦਿੱਤੇ ਗਏ ਜਿਸ ਕਾਰਨ ਅਮਰੀਕਾ ਨੇ ਇੰਗਲੈਂਡ ਨੂੰ 36-36 ਦੀ ਬਰਾਬਰੀ ’ਤੇ ਰੋਕ ਲਿਆ। ਅੱਧੇ ਸਮੇਂ ਤੱਕ ਇੰਗਲੈਂਡ ਦੀ ਟੀਮ 18-17 ਨਾਲ ਅੱਗੇ ਸੀ। ਇੰਗਲੈਂਡ ਵੱਲੋਂ ਰੇਡਰ ਲਾਉਮੀ ਮਿਨੀਅਸ ਤੇ ਮਿਸ ਟਰੇਸੀਆ ਨੇ 5-5 ਅੰਕ ਲਏ ਜਦੋਂ ਕਿ ਜਾਫੀ ਤੌਰ ’ਤੇ ਖੇਡਦਿਆਂ ਮਿਸ ਟਰੇਸੀਆ ਨੇ 7 ਜੱਫੇ ਲਾਏ। ਅਮਰੀਕਾ ਵੱਲੋਂ ਰੇਡਰ ਗੁਰੂ ਅੰਮ੍ਰਿਤ ਖਾਲਸਾ ਨੇ 9 ਅੰਕ ਲਏ ਜਦੋਂ ਕਿ ਜਾਫੀ ਸ਼ਰਬ ਸਕਤੀ ਖਾਲਸਾ ਨੇ 5 ਅਤੇ ਗੁਰੂ ਸੁਰੀਆ ਨੇ 4 ਜੱਫੇ ਲਾਏ।
ਪੁਰਸ਼ ਵਰਗ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਨੇਪਾਲ ਨੂੰ 63-18 ਨਾਲ ਹਰਾਇਆ। ਅੱਧੇ ਸਮੇਂ ਤੱਕ ਇੰਗਲੈਂਡ ਦੀ ਟੀਮ 36-9 ਨਾਲ ਅੱਗੇ ਸੀ। ਇੰਗਲੈਂਡ ਦੇ ਰੇਡਰ ਜਸਪਾਲ ਸਿੰਘ ਪਾਲੀ ਤੇ ਗੁਰਦੇਵ ਸਿੰਘ ਨੇ 15-15 ਅੰਕ ਲਏ ਜਦੋਂ ਕਿ ਜਾਫੀ ਅਮਨ ਜੌਹਲ ਤੇ ਅਮਨਦੀਪ ਸਿੰਘ ਦੀਪਾ ਨੇ 7-7 ਜੱਫੇ ਲਾਏ। ਨੇਪਾਲ ਦੇ ਰੇਡਰ ਬਾਸੂਦੇਵ ਬਡਪਾਲ ਨੇ 4 ਅਤੇ ਨਾਵਲ ਰਾਉਤ ਨੇ 3 ਅੰਕ ਲਏ।
ਭਾਰਤ ਨੇ ਆਪਣੇ ਆਖਰੀ ਮੈਚ ਵਿੱਚ ਜੇਤੂ ਮੁਹਿੰਮ ਜਾਰੀ ਰੱਖਦਿਆਂ ਅਫਗਾਨਸਿਤਾਨ ਨੂੰ 50-17 ਨਾਲ ਹਰਾ ਕੇ ਸਾਰੇ 6 ਲੀਗ ਮੈਚ ਜਿੱਤ ਕੇ ਪਹਿਲਾ ਸਥਾਨ ਕਾਇਮ ਰੱਖਿਆ। ਭਾਰਤੀ ਟੀਮ ਅੱਧੇ ਸਮੇਂ ਤੱਕ 30-5 ਨਾਲ ਅੱਗੇ ਸੀ। ਭਾਰਤ ਦੇ ਰੇਡਰਾਂ ਸੰਦੀਪ ਦਿੜ੍ਹਬਾ ਨੇ 10, ਤਲਵਿੰਦਰ ਸਿੰਘ ਸੋਨੂੰ ਜੰਪ ਨੇ 9, ਸੁਖਬੀਰ ਸਿੰਘ ਸਰਾਵਾਂ ਨੇ 8 ਅਤੇ ਗੁਰਲਾਲ ਘਨੌਰ ਨੇ 5 ਜੱਫੇ ਲਾਏ। ਭਾਰਤ ਦੇ ਜਾਫੀਆਂ ਵਿੱਚੋਂ ਏਕਮ ਹਊਰ ਨੇ 5, ਗੁਰਵਿੰਦਰ ਕਾਹਲਮਾਂ ਨੇ 4 ਅਤੇ ਨਰਿੰਦਰ ਰਾਮ ਬਿੱਟੂ ਦੁਗਾਲ ਤੇ ਸਿਕੰਦਰ ਕਾਂਝਲੀ ਨੇ 3-3 ਜੱਫੇ ਲਾਏ। ਅਫਗਾਨਸਿਤਾਨ ਦੇ ਰੇਡਰਾਂ ਵਿੱਚੋਂ ਸੈਫ ਰਹਿਮਾਨ ਰਾਹਨੀ ਨੇ 6 ਅਤੇ ਸੈਫਉੱਲ ਐਮਨੀ ਨੇ 4 ਜੱਫੇ ਲਾਏ।
ਦਿਨ ਦੇ ਆਖਰੀ ਲੀਗ ਮੈਚ ਵਿੱਚ ਕੈਨੇਡਾ ਨੇ ਜਰਮਨੀ ਨੂੰ 58-19 ਨਾਲ ਹਰਾਇਆ। ਅੱਧੇ ਸਮੇਂ ਤੱਕ ਕੈਨੇਡਾ ਦੀ ਟੀਮ 33-9 ਨਾਲ ਅੱਗੇ ਸੀ। ਕੈਨੇਡਾ ਦੇ ਰੇਡਰਾਂ ਵਿੱਚੋਂ ਕੀਪਾ ਬੱਧਨੀ, ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਤੇ ਜੱਸਾ ਸਿੱਧਵਾਂ ਨੇ 12-12 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਹੈਪੀ ਰੁੜਕਾ ਤੇ ਵਰਿੰਦਰ ਸਿੰਘ ਭੂਰਾ ਨੇ 7-7 ਜੱਫੇ ਲਾਏ। ਜਰਮਨੀ ਵੱਲੋਂ ਰੇਡਰ ਨਵਦੀਪ ਸਿੰਘ ਐਨ.ਡੀ. ਨੇ 5 ਅਤੇ ਮਨਜੀਤ ਰੁੜਕਾ ਨੇ 4 ਜੱਫੇ ਲਾਏ।