ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਅਤੇ ਹੋਰ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਜਥੇ ਦੇ ਲੀਡਰ ਸ. ਰਾਮਪਾਲ ਸਿੰਘ ਬਹਿਣੀਵਾਲ ਨੇ ਅੱਜ ਲਾਹੌਰ ਦੇ ਆਵਾਰੀ ਹੋਟਲ ਵਿੱਚ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ ਵੱਲੋਂ ਆਯੋਜਿਤ ਕੀਤੇ ਸੈਮੀਨਾਰ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸਫ਼ ਰਜ਼ਾ ਗਿਲਾਨੀ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਜਥੇ ਦੇ ਸਵਾਗਤ, ਸੁਰੱਖਿਆ ਅਤੇ ਸਫ਼ਰ ਦੀ ਸਹੂਲ਼ਤ ਲਈ ਕੀਤੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਲਾਹੌਰ ਵਿੱਚ ਚੂਨਾ ਮੰਡੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ-ਅਸਥਾਨ ਦੇ ਨਜ਼ਦੀਕ ਪੰਚਮ ਪਾਤਸ਼ਾਹ ਦੀ ਚਰਨ-ਛੋਹ ਪ੍ਰਾਪਤ ਸਥਾਨ ਦੀਵਾਨਖ਼ਾਨਾ ਨੂੰ ਵਪਾਰਕ ਵਰਤੋਂ ਲਈ ਲੀਜ਼ ਤੇ ਦਿੱਤੇ ਜਾਣ ਨੂੰ ਤੁਰੰਤ ਰੱਦ ਕਰਨ, ਲਾਹੌਰ ਦੇ ਲੰਡਾ ਬਜ਼ਾਰ ‘ਚ ਸਥਿਤ (ਯਾਦਗਾਰ ਸ਼ਹੀਦ ਭਾਈ ਤਾਰੂ ਸਿੰਘ) ਇਮਾਰਤ ਦੀ ਨਵ-ਉਸਾਰੀ ਅਤੇ ਇਸ ਦੇ ਨਾਲ ਲਗਦੀ ਜਗ੍ਹਾ ਪੁਰ ਯਾਤਰੂਆਂ ਲਈ ਸਰਾਂ ਦੀ ਉਸਾਰੀ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਸਿੱਖ ਜਗਤ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਯਾਤਰੂਆਂ ਦੀ ਭੇਜੀ ਲਿਸਟ ਅਨੁਸਾਰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣ ਲਈ ਮੰਗ ਪੱਤਰ ਦਿੱਤਾ। ਉਹਨਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਸੰਸਾਰ ਭਰ ‘ਚ ਵਸਦੇ ਸਿੱਖਾਂ ਦੀ ਹਮੇਸ਼ਾ ਹੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਤੀਬਰ ਲੋਚਾ ਰੱਖਦੇ ਹਨ। ਇਸ ਲਈ ਭਾਰਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਆਉਣ ਵਾਲੇ ਯਾਤਰੂਆਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣ ਤੋਂ ਇਲਾਵਾ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਵੀ ਮੰਗ ਕੀਤੀ। ਇਸ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸਫ਼ ਰਜ਼ਾ ਗਿਲਾਨੀ ਨੇ ਸਿੱਖਾਂ ਨੂੰ ਗੁਰਧਾਮਾਂ ਦੀ ਸਾਂਭ-ਸੰਭਾਲ ਪ੍ਰਤੀ ਪੂਰਨ ਸਹਿਯੋਗ ਅਤੇ ਹੋਰ ਕਾਰਜਾਂ ਨੂੰ ਜਲਦ ਮੁਕੰਮਲ ਕੀਤੇ ਜਾਣ ਦਾ ਭਰੋਸਾ ਦਿੱਤਾ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਸਿੱਖਾਂ ਅਤੇ ਮੁਸਲਮਾਨ ਭਾਈਚਾਰੇ ਦੀ ਪੁਰਾਤਨ ਸਾਂਝ ਦੇ ਹਵਾਲਿਆਂ ਨੂੰ ਦਰਸਾਇਆ। ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਨੇ ਪ੍ਰਧਾਨ ਮੰਤਰੀ ਜਨਾਬ ਯੂਸਫ਼ ਰਜ਼ਾ ਗਿਲਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਉ ਨਾਲ ਸਨਮਾਨਿਤ ਕੀਤਾ। ਇਸ ਮੌਕੇ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਆਸਿਫ਼ ਹਾਸ਼ਮੀ, ਐਡੀਸ਼ਨਲ ਸਕੱਤਰ ਜਾਹਿਦ ਬੁਖਾਰੀ, ਡਿਪਟੀ ਸੈਕਰੇਟਰੀ ਜਨਾਬ ਫਰਾਜ਼ ਅੱਬਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਰਾਮ ਸਿੰਘ, ਸ. ਸੰਤਾ ਸਿੰਘ ਮੱਲਾਂ, ਜਥੇਦਾਰ ਨਾਜ਼ਰ ਸਿੰਘ ਬਖਸ਼ੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖਸੀਅਤਾਂ ਤੇ ਸਿੱਖ ਸੰਗਤਾਂ ਮੌਜੂਦ ਸਨ