ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਵਿਭਾਗ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਜ਼ਮੀਨ ਦੀ ਸਿਹਤ ਸੰਵਾਰਨ ਰਾਹੀਂ ਪਾਏਦਾਰ ਖੇਤੀ ਵਿਸ਼ੇ ਤੇ ਕਰਵਾਈ ਜਾ ਰਹੀ 21 ਰੋਜ਼ਾ ਸਿਖਲਾਈ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ:ਮੁਖਤਾਰ ਸਿੰਘ ਗਿੱਲ ਨੇ ਕਿਹਾ ਹੈ ਕਿ ਧਰਤੀ ਦੀ ਸਿਹਤ ਸੰਵਾਰਨ ਲੱਗਿਆਂ ਸਾਨੂੰ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਵਾਤਾਵਰਨ ਵੀ ਨਾਲੋਂ ਨਾਲ ਸੁਧਰੇ, ਇਸੇ ਨਾਲ ਹੀ ਅਸੀਂ ਯਕੀਨੀ ਪਾਏਦਾਰ ਖੇਤੀ ਕਰ ਸਕਾਂਗੇ। ਉਨ੍ਹਾਂ ਆਖਿਆ ਕਿ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਵਾਸਤੇ ਖਾਦਾਂ, ਕੀਟ ਨਾਸ਼ਕ ਜ਼ਹਿਰਾਂ, ਨਦੀਨ ਨਾਸ਼ਕ ਜ਼ਹਿਰਾਂ ਦੀ ਅੰਧਾਧੁੰਦ ਵਰਤੋਂ ਅਤੇ ਖੇਤੀ ਘਣਤਾ ਕਾਰਨ ਜ਼ਮੀਨ ਵਿਚਲੇ ਤੱਤਾਂ ਵਿੱਚ ਵੀ ਤਬਦੀਲੀ ਆ ਰਹੀ ਹੈ। ਇਸ ਨਾਲ ਸਿਰਫ ਸਾਡੀ ਉਪਜਾਊ ਸ਼ਕਤੀ ਹੀ ਨਹੀਂ ਘੱਟ ਰਹੀ ਸਗੋਂ ਵਾਤਾਵਰਨ ਵਿੱਚ ਵੀ ਵਿਗਾੜ ਪੈ ਰਿਹਾ ਹੈ। ਇਹ ਸਿਖਲਾਈ ਕਾਰਜਸ਼ਾਲਾ ਵੱਖ ਵੱਖ ਖੋਜ ਸੰਸਥਾਨਾਂ ਤੋਂ ਆਏ ਵਿਗਿਆਨੀਆਂ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਵਿਚਾਰਨ ਦਾ ਮੌਕਾ ਦੇਵੇਗੀ।
ਇਸ ਕਾਰਜਸ਼ਾਲਾ ਦੇ ਡਾਇਰੈਕਟਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ: ਉਪਕਾਰ ਸਿੰਘ ਸਿਡਾਨਾ ਨੇ ਆਖਿਆ ਕਿ ਪੰਜਾਬ ਰਾਜ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਵੱਡਾ ਹਿੱਸਾ ਪਾ ਰਿਹਾ ਹੈ ਅਤੇ ਜਿਹੜੀਆਂ ਸਮੱਸਿਆਵਾਂ ਅੱਜ ਪੰਜਾਬ ਦੀ ਖੇਤੀ ਨੂੰ ਦਰਪੇਸ਼ ਹਨ ਉਨ੍ਹਾਂ ਦਾ ਕਾਰਨ ਦੇਸ਼ ਦੀ ਅਨਾਜ ਸੁਰੱਖਿਆ ਹੈ, ਹਰਾ ਇਨਕਲਾਬ ਨਹੀਂ। ਉਨ੍ਹਾਂ ਆਖਿਆ ਕਿ ਨਵੀਆਂ ਕਿਸਮਾਂ ਦੇ ਵਿਕਾਸ ਅਤੇ ਉਤਪਾਦਨ ਤਕਨੀਕਾਂ ਵਿੱਚ ਤਬਦੀਲੀਆਂ ਦੇ ਨਾਲ ਨਾਲ ਸਾਨੂੰ ਜ਼ਮੀਨ ਦੀ ਸਿਹਤ ਸੰਵਾਰਨ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਭੂਮੀ ਵਿਗਿਆਨ ਵਿਭਾਗ ਨੂੰ ਸਿਖਲਾਈ ਦਾ ਉਚੇਰਾ ਕੇਂਦਰ 1994 ਵਿੱਚ ਐਲਾਨਿਆ ਸੀ ਅਤੇ ਹੁਣ ਤੀਕ ਇਸ ਕੇਂਦਰ ਵੱਲੋਂ 25 ਉਚੇਰੀ ਸਿਖਲਾਈ ਪ੍ਰੋਗਰਾਮ ਕਰਕੇ 400 ਵਿਗਿਆਨੀਆਂ ਨੂੰ ਸਿਖਿਅਤ ਕੀਤਾ ਜਾ ਚੁੱਕਾ ਹੈ।
ਇਸ ਕੋਰਸ ਦੇ ਮੁੱਖ ਕੋਆਰਡੀਨੇਟਰ ਡਾ: ਓ ਪੀ ਚੌਧਰੀ ਨੇ ਦੱਸਿਆ ਕਿ ਇਸ 21 ਰੋਜ਼ਾ ਸਿਖਲਾਈ ਵਿੱਚ ਦੇਸ਼ ਦੀਆਂ ਪ੍ਰਮੁਖ ਕੌਮੀ ਸੰਸਥਾਵਾਂ ਦੇ ਵਿਗਿਆਨੀ ਭਾਸ਼ਣ ਦੇਣ ਲਈ ਬੁਲਾਏ ਜਾ ਰਹੇ ਹਨ ਜਿਹੜੇ ਜ਼ਮੀਨ ਦੀ ਸਿਹਤ ਸੰਭਾਲ, ਖਾਦਾਂ ਦੀ ਸੁਯੋਗ ਵਰਤੋਂ, ਫ਼ਸਲਾਂ ਦੀ ਰਹਿੰਦ ਖੂਹੰਦ ਦੀ ਮੁੜ ਵਰਤੋਂ, ਖੇਤੀ ਜੰਗਲਾਤ, ਖਾਦ ਅਤੇ ਸਿੰਜਾਈ ਢੰਗਾਂ ਬਾਰੇ ਜਾਣਕਾਰੀ ਦੇਣਗੇ। ਇਸ ਕੋਰਸ ਦੇ ਕੋਆਰਡੀਨੇਟਰ ਡਾ: ਗੁਰਬਚਨ ਸਿੰਘ ਸਰੋਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।