ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ 37ਵੀਂ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਭਾਰਤ ਸਰਕਾਰ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ:ਐਸ ਆਯੱਪਨ ਨੇ ਕਿਹਾ ਹੈ ਕਿ ਪਹਿਲਾਂ ਆਏ ਹਰੇ ਇਨਕਲਾਬ ਵਾਂਗ ਹੀ ਹੁਣ ਫਿਰ ਸਦੀਵੀ ਹਰੇ ਇਨਕਲਾਬ ਲਈ ਦੇਸ਼ ਦੇ ਵਿਗਿਆਨੀ, ਕਿਸਾਨ ਅਤੇ ਸਰਕਾਰੀ ਨੀਤੀਆਂ ਘੜਨ ਵਾਲੇ ਯੋਜਨਾਕਾਰਾਂ ਨੂੰ ਸਿਰ ਜੋੜਨਾ ਪਵੇਗਾ। ਉਨ੍ਹਾਂ ਆਖਿਆ ਕਿ ਇਸ ਕਾਰਜ ਵਿੱਚ ਪੰਜਾਬ ਨੂੰ ਮੁੜ ਅਗਵਾਈ ਦੇਣੀ ਪਵੇਗੀ ਕਿਉਂਕਿ ਇਥੋਂ ਦੇ ਵਿਗਿਆਨੀ ਕਿਸਾਨ ਅਤੇ ਯੋਜਨਾਕਾਰ ਇਕੱਠੀ ਸੋਚ ਨਾਲ ਛੇਵੇਂ ਦਹਾਕੇ ਵਿੱਚ ਹਰਾ ਇਨਕਲਾਬ ਲਿਆ ਕੇ ਦੇਸ਼ ਨੂੰ ਰਾਹ ਵਿਖਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਅਨਾਜ ਸੁਰੱਖਿਆ ਦੇ ਨਾਲ ਨਾਲ ਆਰਥਿਕ ਸੁਰੱਖਿਆ ਵੀ ਖੇਤੀਬਾੜੀ ਖੋਜ ਅਤੇ ਪਸਾਰ ਵਿੱਚ ਲੁਕੀ ਹੋਈ ਹੈ। ਸਾਨੂੰ ਉਸ ਵਿਗਿਆਨ ਦੀ ਲੋੜ ਹੈ ਜੋ ਪਾਏਦਾਰ ਖੇਤੀ ਰਾਹੀਂ ਸਾਨੂੰ ਵਧੇਰੇ ਉਤਪਾਦਨ ਦੇਵੇ। ਉਨ੍ਹਾਂ ਆਖਿਆ ਕਿ ਮਿਆਰੀ ਵਿਗਿਆਨਕ ਸੋਚ ਵਾਲੇ ਵਿਗਿਆਨੀ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ ਅਤੇ 21ਵੀਂ ਸਦੀ ਦੀਆਂ ਵੰਗਾਰਾਂ ਦਾ ਘਰ ਪੂਰਾ ਕਰਨ ਲਈ ਸਾਨੂੰ ਟੀਚੇ ਨਿਸ਼ਚਤ ਕਰਨੇ ਪੈਣਗੇ। ਇਸ ਕੰਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਭਾਵੇਂ ਕਈ ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਹ ਸੁਨੇਹਾ ਪੂਰੇ ਦੇਸ਼ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਅਤੇ ਖੇਤੀ ਵਣਜ ਪ੍ਰਬੰਧ ਨੂੰ ਮਜ਼ਬੂਤ ਆਧਾਰ ਦੇਣ ਲਈ ਮਜ਼ਬੂਤ ਸੂਚਨਾ ਤੰਤਰ ਸਥਾਪਿਤ ਕਰਨਾ ਪਵੇਗਾ। ਸੂਚਨਾ ਅਤੇ ਸੰਚਾਰ ਤਕਨਾਲੋਜੀ ਢਾਂਚੇ ਨਾਲ ਕਿਸਾਨਾਂ ਤੀਕ ਪਹੁੰਚ ਹੋਰ ਤੇਜ਼ ਕਰਨੀ ਪਵੇਗੀ।
ਡਾ: ਆਯੱਪਨ ਨੇ ਆਖਿਆ ਕਿ ਖੇਤੀ ਸੈਕਟਰ ਨੂੰ ਕੱਚੇ ਮਾਲ ਤੋਂ ਤਿਆਰ ਉਤਪਾਦਨ ਤੀਕ ਪਹੁੰਚਣ ਵਾਸਤੇ ਵੀ ਸਾਨੂੰ ਸੁਚੇਤ ਹੋਣਾ ਪਵੇਗਾ। ਆਪਣੇ ਕਿਸਾਨ ਭਰਾਵਾਂ ਦੀ ਪ੍ਰਤੀ ਜੀਅ ਆਮਦਨ ਵਧਾਉਣ ਲਈ ਇਹ ਲਾਜ਼ਮੀ ਹੈ ਕਿ ਉਹਨਾਂ ਨੂੰ ਵਿਸ਼ਵ ਮੰਡੀ ਦੀਆਂ ਲੋੜਾਂ ਮੁਤਾਬਕ ਉਤਪਾਦਨ ਦੀ ਲਿਆਕਤ ਦਿੱਤੀ ਜਾਵੇ। ਫ਼ਲਾਂ ਤੇ ਸਬਜ਼ੀਆਂ ਦਾ ਮੰਡੀਕਰਨ ਵੀ ਤਾਂ ਹੀ ਚੰਗਾ ਹੋ ਸਕਦਾ ਹੈ ਜੇਕਰ ਮੰਡੀਆਂ ਵਿੱਚ ਯੋਗ ਸਹੂਲਤਾਂ ਦੇ ਨਾਲ ਨਾਲ ਕਿਸਾਨ ਨੂੰ ਵੀ ਢਾਂਚੇ ਦਾ ਪੂਰਾ ਗਿਆਨ ਹੋਵੇ। ਉਨ੍ਹਾਂ ਆਖਿਆ ਕਿ ਪੰਜਾਬ ਦਾ ਪਸਾਰ ਸਿੱਖਿਆ ਮਾਡਲ ਬੜਾ ਕਾਮਯਾਬ ਹੈ ਅਤੇ ਇਸੇ ਨੂੰ ਪੂਰੇ ਦੇਸ਼ ਨੇ ਅਪਣਾਇਆ ਹੈ। ਪ੍ਰਯੋਗਸ਼ਾਲਾ ਤੋਂ ਖੇਤਾਂ ਤੀਕ ਗਿਆਨ ਜਿੰਨੀ ਤੇਜ਼ੀ ਨਾਲ ਪੰਜਾਬ ਪਹੁੰਚਾਉਂਦਾ ਹੈ ਉਹ ਮਿਸਾਲ ਕਿਤੋਂ ਹੋਰ ਨਹੀਂ ਮਿਲਦੀ। ਇਸ ਕੰਮ ਵਿੱਚ ਹੁਣ ਸੂਬੇ ਦੇ ਸਤਾਰਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਝੋਨਾ, ਮੱਕੀ, ਚਰ੍ਹੀ, ਸੋਇਆਬੀਨ ਅਤੇ ਛੋਲਿਆਂ ਦੀਆਂ ਫ਼ਸਲਾਂ ਦੀ ਜੀਨੋਮ ਸੂਚੀਕਰਨ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਭ ਤੋਂ ਅੱਗੇ ਹੈ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਇਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਫ਼ਸਲਾਂ ਅਤੇ ਗੈਰ ਫ਼ਸਲੀ ਸੋਮਿਆਂ ਦੇ ਜੀਨਜ਼ ਦਾ ਸੁਮੇਲ ਭਵਿੱਖ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ ਅਤੇ ਇਸ ਕੰਮ ਵਿੱਚ ਵਿਗਿਆਨੀ, ਨੀਤੀਘਾੜੇ ਅਤੇ ਕਿਸਾਨ ਰਲ ਕੇ ਹੰਭਲਾ ਮਾਰ ਸਕਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਬਣਨ ਵਾਲਾ ਬੋਰਲਾਗ ਇੰਸਟੀਚਿਊਟ ਪੰਜਾਬ ਦੇ ਖੇਤੀਬਾੜੀ ਭਵਿੱਖ ਨੂੰ ਹੋਰ ਉਚੇਰੀਆਂ ਸਿਖ਼ਰਾਂ ਤੇ ਪਹੁੰਚਾਵੇਗਾ। ਡਾ: ਆਯੱਪਨ ਨੇ ਕਿਹਾ ਕਿ ਨੀਤੀਆਂ ਵੀ ਉਹੀ ਕਾਮਯਾਬ ਹੁੰਦੀਆਂ ਹਨ ਜਿਨ੍ਹਾਂ ਨੂੰ ਤਕਨੀਕੀ ਗਿਆਨ ਦੀ ਸਹਾਇਤਾ ਹੋਵੇ। ਵਧ ਝਾੜ ਦੇ ਅੜਿੱਕੇ ਦੂਰ ਕਰਨ ਲਈ ਅੰਤਰ ਅਨੁਸਾਸ਼ਨੀ ਪਹੁੰਚ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਪੇਂਡੂ ਪੰਜਾਬ ਦੀਆਂ 80 ਫੀ ਸਦੀ ਔਰਤਾਂ ਲੋਹਾ ਤੱਤ, ਵਿਟਾਮਿਨ ਏ ਅਤੇ ਜ਼ਿੰਕ ਦੀ ਕਮੀ ਕਾਰਨ ਅਨੀਮੀਆ ਦਾ ਸ਼ਿਕਾਰ ਹਨ। ਇਸ ਲਈ ਸਾਨੂੰ ਭੋਜਨ ਸੁਰੱਖਿਆ ਦੇ ਨਾਲ ਨਾਲ ਪੌਸ਼ਟਿਕ ਖੁਰਾਕ ਸੁਰੱਖਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਫ਼ਲਾਂ ਅਤੇ ਸਬਜ਼ੀਆਂ ਵਿੱਚ ਭਾਰਤ ਵਿਸ਼ਵ ਦਾ ਦੂਜਾ ਵੱਡਾ ਉਤਪਾਦਕ ਹੈ ਪਰ ਅਸੀਂ ਆਪਣੀ ਉਪਜ ਦਾ ਸਿਰਫ 2 ਫੀ ਸਦੀ ਹਿੱਸਾ ਹੀ ਪ੍ਰੋਸੈਸਿੰਗ ਕਰਦੇ ਹਨ। ਇਸ ਨੂੰ ਵਧਾਉਣ ਦੀ ਲੋੜ ਹੈ। ਬਾਇਓ ਟੈਕਨਾਲੋਜੀ ਵਰਗੇ ਖੇਤਰਾਂ ਵਿੱਚ ਵੀ ਇਸ ਯੂਨੀਵਰਸਿਟੀ ਨੇ ਵੱਡੀਆਂ ਪੁਲਾਂਘਾ ਪੁੱਟੀਆਂ ਹਨ ਪਰ ਨਵੀਨਤਮ ਗਿਆਨ ਨਾਲ ਕਿਸਾਨ ਨੂੰ ਵੀ ਨਾਲੋ ਨਾਲ ਤੋਰਨਾ ਪਵੇਗਾ। ਉਨ੍ਹਾਂ ਆਖਿਆ ਕਿ ਖੇਤੀ ਅਤੇ ਗੈਰ ਖੇਤੀ ਸੈਕਟਰ ਵਿਚਕਾਰ ਪਾੜਾ ਵਧ ਰਿਹਾ ਹੈ। ਇਸੇ ਕਰਕੇ ਖੇਤੀ ਵਿਚਲੇ ਕਾਮੇ ਹੋਰ ਕੰਮਾਂ ਵੱਲ ਜਾ ਰਹੇ ਹਨ। ਇਹ ਖੋਰਾ ਵੀ ਖੇਤੀ ਦੇ ਭਵਿੱਖ ਲਈ ਚੰਗਾ ਨਹੀਂ।
ਡਾ: ਆਯੱਪਨ ਨੇ ਕਿਹਾ ਕਿ ਜ਼ਮੀਨ ਦੀ ਸਿਹਤ ਸੰਵਾਰਨੀ ਬੇਹੱਦ ਜ਼ਰੂਰੀ ਹੈ ਅਤੇ ਘਣੀ ਖੇਤੀ ਕਾਰਨ ਮੁੱਖ ਤੱਤਾਂ ਅਤੇ ਲਘੂ ਤੱਤਾਂ ਦੀ ਕਮੀ ਨਾਲੋਂ ਪੂਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸੇਂਜੂ ਖੇਤੀ ਦੇ ਨਾਲ ਨਾਲ ਬਰਾਨੀ ਖੇਤੀ ਵੱਲ ਵੀ ਧਿਆਨ ਦਿਓ ਕਿਉਂਕਿ ਗਲੋਬਲ ਤਪਸ਼ ਕਾਰਨ ਬਦਲਦੇ ਮੌਸਮ ਆਪਣਾ ਮਜਾਜ ਵੀ ਬਦਲ ਰਹੇ ਹਨ। ਉਨ੍ਹਾਂ ਆਖਿਆ ਕਿ ਕੁਦਰਤੀ ਸੋਮਿਆਂ ਦੀ ਵਧ ਸਮੇਂ ਤੀਕ ਵਰਤੋਂ ਤਾਂ ਹੀ ਹੋ ਸਕੇਗੀ ਜੇਕਰ ਅਸੀਂ ਇਨ੍ਹਾਂ ਦੀ ਬੇਲੋੜੀ ਵਰਤੋਂ ਨਹੀਂ ਕਰਾਂਗੇ। ਉਨ੍ਹਾਂ ਆਖਿਆ ਕਿ ਭਾਰਤੀ ਖੇਤੀ ਇਸ ਵੇਲੇ ਚੌਰਾਹੇ ਤੇ ਖੜੀ ਹੈ ਅਤੇ ਇਸ ਵੰਗਾਰ ਨੂੰ ਅਸੀਂ ਹੀ ਪ੍ਰਵਾਨ ਕਰਕੇ ਸਹੀ ਰਾਹ ਤੋਰਨਾ ਹੈ।
ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ¦ਗਾਹ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਕਿਰਪਾਲ ਸਿੰਘ ਔਲਖ, ਡਾ: ਮਨਜੀਤ ਸਿੰਘ ਕੰਗ, ਸਾਬਕਾ ਡੀਨ ਡਾ: ਬਲਦੇਵ ਸਿੰਘ ਢਿੱਲੋਂ, ਡਾ: ਟੀ ਐਚ ਸਿੰਘ, ਡਾ: ਬੇਅੰਤ ਆਹਲੂਵਾਲੀਆ, ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਜਸਪਿੰਦਰ ਸਿੰਘ ਕੋਲਾਰ, ਸ਼੍ਰੀਮਤੀ ਉਰਵਿੰਦਰ ਕੌਰ ਗਰੇਵਾਲ, ਸ: ਜੰਗ ਬਹਾਦਰ ਸੰਘਾ ਅਤੇ ਸ: ਹਰਦੇਵ ਸਿੰਘ ਰਿਆੜ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਅਧਿਆਪਕਾਂ ਨੇ ਇਸ ਸਾਲ ਦੌਰਾਨ ਕੌਮੀ ਅਤੇ ਕੌਮਾਂਤਰੀ ਸਨਮਾਨਾਂ ਨਾਲ ਯੂਨੀਵਰਸਿਟੀ ਦਾ ਕੱਦ ਉੱਚਾ ਕੀਤਾ ਹੈ। ਇਸ ਦੌਰਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਸ਼੍ਰੀ ਓਮ ਪ੍ਰਕਾਸ਼ ਭਸ਼ੀਨ ਐਵਾਰਡ, ਡਾ: ਦਵਿੰਦਰ ਸਿੰਘ ਚੀਮਾ ਡੀਨ ਖੇਤੀ ਕਾਲਜ ਅਤੇ ਡਾ: ਤਰਲੋਚਨ ਸਿੰਘ ਥਿੰਦ ਨੂੰ ਸਾਂਝੇ ਤੌਰ ਤੇ ਡਾ: ਗੁਰਦੇਵ ਸਿੰਘ ਖੁਸ਼ ਸਰਵੋਤਮ ਪ੍ਰੋਫੈਸਰ ਐਵਾਰਡ ਦਿੱਤਾ ਗਿਆ ਹੈ। ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ, ਬਾਇਓ ਟੈਕਨਾਲੋਜੀ ਸਕੂਲ ਦੇ ਡਾਇਰੈਕਟਰ ਡਾ: ਕੁਲਦੀਪ ਸਿੰਘ ਨੂੰ ਕੌਮੀ ਪੱਧਰ ਦੀਆਂ ਕਮੇਟੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਡਾ: ਇੰਦੂ ਸ਼ਰਮਾ ਨੂੰ ਕਣਕ ਖੋਜ ਡਾਇਰੈਕਟੋਰੇਟ ਦਾ ਕਰਨਾਲ ਵਿਖੇ ਪ੍ਰਾਜੈਕਟ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। ਅੰਤਰ ਰਾਸ਼ਟਰੀ ਕਾਨਫਰੰਸਾਂ ਵਿੱਚ ਵੀ ਯੂਨੀਵਰਸਿਟੀ ਦੇ ਲਗਪਗ 2 ਦਰਜਨ ਅਧਿਆਪਕ ਖੋਜ ਪੱਤਰ ਪੜ੍ਹ ਕੇ ਆਏ ਹਨ ਅਤੇ 14 ਅਧਿਆਪਕਾਂ ਨੂੰ ਅੰਤਰ ਰਾਸ਼ਟਰੀ ਖੋਜ ਅਦਾਰਿਆਂ ਵਿੱਚ ਸਿਖਲਾਈ ਦਿਵਾਈ ਗਈ ਹੈ।
ਡਾ: ਢਿੱਲੋਂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਵੀ ਵਡਮੁੱਲੀਆਂ ਹਨ। ਖੇਤੀ ਕਾਲਜ ਦੀ ਦੀਪਿਕਾ ਨਾਰੰਗ ਨੂੰ 7500 ਅਮਰੀਕਨ ਡਾਲਰ ਦਾ ਵਜ਼ੀਫਾ, ਅਮਨਦੀਪ ਕੌਰ ਸੰਧੂ ਨੂੰ ਬੀਚਲ ਬੋਰਲਾਗ ਅੰਤਰ ਰਾਸ਼ਟਰੀ ਵਜ਼ੀਫਾ, ਧਰਮਿੰਦਰ ਭਾਟੀਆ, ਮਿਸਿਜ ਐਸ ਕੇ ਬਾਲੀ, ਡਾ: ਮਹਿੰਦਰ ਕੌਰ, ਅਭੈ ਗਰੋਵਰ, ਪਿਯੂਸ਼ ਬਹਿਲ, ਵਸੁਧਾ ਸ਼ਰਮਾ, ਅਮਨਦੀਪ ਕੌਂਡਲ, ਪ੍ਰੀਤਇੰਦਰ ਕੌਰ, ਰਮਨਜੋਤ ਕੌਰ, ਰਾਜਦੀਪ ਸਿੰਘ ਖੰਗੂੜਾ, ਸੁਸ਼ਾਂਤ ਮਹਿਨ, ਜੀਫਿਨਵੀਰ ਸਿੰਘ, ਦੀਪਤੀ ਚੌਧਰੀ, ਪਾਇਲ ਬਾਂਸਲ ਨੂੰ ਵੀ ਵੱਖ ਵੱਖ ਸਨਮਾਨ ਪ੍ਰਾਪਤ ਹੋਏ ਹਨ। ਖੇਡਾਂ ਦੇ ਖੇਤਰ ਵਿੱਚ ਸਾਡੇ ਖਿਡਾਰੀਆਂ ਨੇ 12ਵੀਂ ਆਲ ਇੰਡੀਆ ਖੇਤੀਬਾੜੀ ਯੂਨੀਵਰਸਿਟੀਆਂ ਦੀ ਖੇਡ ਮੀਟ ਵਿੱਚ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ। ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ ਤੋਂ ਇਲਾਵਾ ¦ਮੀ ਛਾਲ, ਉੱਚੀ ਛਾਲ ਅਤੇ ਗੋਲਾ ਸੁੱਟਣ ਵਿੱਚ ਗੋਲਡ ਮੈਡਲ ਜਿੱਤੇ। ਰਾਜ ਕਮਲ ਸਿੰਘ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ। ਸਵੀਡਨ ਵਿੱਚ ਹੋਈ 15 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਟੀਮ ਵਿੱਚ ਖੇਤੀਬਾੜੀ ਕਾਲਜ ਲਵਪ੍ਰੀਤ ਕੌਰ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ 42 ਕੈਂਪਸ ਇੰਟਰਵਿਊ ਕਰਵਾਏ ਗਏ ਜਿਨ੍ਹਾਂ ਵਿੱਚ 334 ਵਿਦਿਆਰਥੀਆਂ ਨੂੰ ਵੱਖ ਵੱਖ ਕੌਮੀ ਅਦਾਰਿਆਂ ਵਿੱਚ ਰੁਜ਼ਗਾਰ ਮਿਲਿਆ।
ਡਾ: ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੀਕ ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਫੁੱਲਾਂ ਦੀਆਂ 700 ਕਿਸਮਾਂ ਦਾ ਵਿਕਾਸ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 115 ਕਿਸਮਾਂ ਹਾਈਬਰਿਡ ਹਨ ਅਤੇ ਉਨ੍ਹਾਂ ਨੂੰ ਕੌਮੀ ਪੱਧਰ ਤੇ ਵੀ ਰਿਲੀਜ਼ ਕੀਤਾ ਗਿਆ ਹੈ। ਦੇਸ਼ ਦੇ ਖੁੰਭ ਉਤਪਾਦਨ ਵਿੱਚ ਇਸ ਵੇਲੇ ਸਾਡਾ ਹਿੱਸਾ 50 ਫੀ ਸਦੀ ਤੋਂ ਵੱਧ ਹੈ। ਡਾ: ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਣਕ, ਨਰਮਾ, ਸੋਇਆਬੀਨ, ਕਾਬਲੀ ਛੋਲੇ, ਤੋਰੀਆ, ਨਾਸ਼ਪਾਤੀ, ਚੀਕੂ ਅਤੇ ਗਲਾਡੀਲਸ ਦੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਕਣਕ ਦੀ ਕਿਸਮ ਪੀ ਬੀ ਡਬਲਯੂ 621 ਪ੍ਰਮੁਖ ਹੈ। ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬੀਜੀ ਜਾਣ ਵਾਲੀ ਇਸ ਕਿਸਮ ਨੂੰ ਪੀਲੀ ਕੁੰਗੀ ਵੀ ਨੁਕਸਾਨ ਨਹੀਂ ਪਹੁੰਚਾਉਂਦੀ। ਇਵੇਂ ਹੀ ਐਚ ਡੀ 2967 ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਵਡਾਣਕ ਕਣਕ ਦੀ ਕਿਸਮ ਡਬਲਯੂ ਐਚ ਡੀ 943 ਵੀ ਕੁੰਗੀ ਅਤੇ ਭੂਰੀ ਕੁੰਗੀ ਦੇ ਅਸਰ ਤੋਂ ਮੁਕਤ ਹੈ। ਕਪਾਹ ਦੀ ਕਿਸਮ ਐਫ ਡੀ 124 ਪਹਿਲਾਂ ਖਿੜਦੀ ਹੈ ਅਤੇ ਝਾੜ ਵੀ 9.3 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ। ਯੂਨੀਵਰਸਿਟੀ ਵੱਲੋਂ ਫ਼ਸਲ ਉਤਪਾਦਕ ਤਕਨੀਕਾਂ ਵੀ ਵਿਕਸਤ ਕੀਤੀਆਂ ਗਈਆਂ ਹਨ। ਡਾ: ਢਿੱਲੋਂ ਨੇ ਦੱਸਿਆ ਕਿ ਮੁੱਖ ਫ਼ਸਲਾਂ ਦਾ 37500 ਕੁਇੰਟਲ ਬੀਜ ਪੈਦਾ ਕਰਕੇ ਕਿਸਾਨਾਂ ਨੂੰ ਵੰਡਿਆ ਗਿਆ । ਸਾਉਣੀ ਦੀਆਂ ਫਸਲਾਂ ਦਾ 19000 ਕੁਇੰਟਲ ਬੀਜ ਤਿਆਰ ਕਰਕੇ ਵੰਡਿਆ । ਬਾਗਬਾਨੀ ਵਿਭਾਗ ਵੱਲੋਂ ਵੀ ਫ਼ਲਦਾਰ ਬੂਟੇ ਰੋਗ ਰਹਿਤ ਨਰਸਰੀ ਰਾਹੀਂ ਤਿਆਰ ਕਰਕੇ ਵੇਚੇ ਗਏ। ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਨੇ ਵੀ ਇਸ ਸਮੇਂ ਦੌਰਾਨ ਉਚੇਰੀਆਂ ਪੁਲਾਘਾਂ ਪੁੱਟੀਆਂ ਹਨ। ਇਸ ਸਮੇਂ ਦੌਰਾਨ ਝੋਨੇ ਦੀ ਪਰਾਲੀ ਕੁਤਰ ਕੇ ਖਿਲਾਰਨ ਵਾਲੀ ਮਸ਼ੀਨ ਤੋਂ ਇਲਾਵਾ ਨਰਮਾ ਬੀਜਣ ਵਾਲੀ ਮਸ਼ੀਨ, ਫ਼ਲਦਾਰ ਬੂਟਿਆਂ ਦੀ ਕਟਾਈ ਕਰਨ ਵਾਲੀ ਮਸ਼ੀਨ, ਮੂੰਗਫਲੀ ਪੁੱਟਣ ਵਾਲੀ ਮਸ਼ੀਨ ਵੀ ਤਿਆਰ ਕੀਤੀ ਗਈ ਹੈ। ਨੈੱਟ ਹਾਊਸ ਅਤੇ ਗਰੀਨ ਹਾਊਸ ਦੇ ਡਿਜ਼ਾਈਨ ਵੀ ਸੁਧਾਰੇ ਗਏ ਹਨ। ਹੋਮ ਸਾਇੰਸ ਕਾਲਜ ਦੇ ਵਿਗਿਆਨੀਆਂ ਵੱਲੋਂ ਵੀ ਵਸਤਰ ਕਲਾ, ਭੋਜਨ ਅਤੇ ਪੋਸ਼ਣ, ਮਾਨਵ ਵਿਕਾਸ ਅਤੇ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਕਿਸਾਨਾਂ ਨਾਲ ਨੇੜਤਾ ਹੋਰ ਵਧਾਉਣ ਲਈ ਛੇ ਕਿਸਾਨ ਮੇਲੇ ਸਾਲ ਵਿੱਚ ਦੋ ਵਾਰ ਲਗਾਏ ਗਏ। ਇਨ੍ਹਾਂ ਕਿਸਾਨ ਮੇਲਿਆਂ ਵਿੱਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਈ। 14 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ । ਡਾਇਰੈਕਟੋਰੇਟ ਵੱਲੋਂ 813 ਖੋਜ ਤਜਰਬੇ ਬਿਜਵਾਏ ਗਏ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ 2669 ਸਿਖਲਾਈ ਕੋਰਸ ਕਰਵਾਏ ਗਏ ਜਿਨ੍ਹਾਂ ਵਿਚ 50 ਹਜ਼ਾਰ ਤੋਂ ਵੱਧ ਸਿਖਿਆਰਥੀ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਭਵਿੱਖਮੁਖੀ ਪ੍ਰੋਗਰਾਮਾਂ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਜਾਵੇਗਾ ਕਿ ਸਾਡੇ ਵਿਦਿਆਰਥੀ ਹੋਰ ਉਚੇਰੀਆਂ ਸੰਸਥਾਵਾਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ। ਖੋਜ ਪ੍ਰਬੰਧ ਲਿਖਣ ਲਈ ਵੀ ਵਿਦਿਆਰਥੀਆਂ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਗਈਆਂ ਹਨ। ਇਸ ਦਾ ਮਕਸਦ ਖੋਜ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪਹੁੰਚਾਉਣਾ ਹੈ। ਖੋਜ ਡਾਇਰੈਕਟੋਰੇਟ ਵੱਲੋਂ ਆਪਣੇ ਖੋਜ ਪ੍ਰੋਗਰਾਮ ਨੂੰ ਨਵੇਂ ਸਿਰਿਉਂ ਵਿਉਂਤਿਆ ਗਿਆ ਹੈ। ਕੁਦਰਤੀ ਸੋਮਿਆਂ ਦੀ ਸੰਭਾਲ ਲਈ ਮਹੱਤਵਪੂਰਨ ਵਿਧੀਆਂ ਵਿਚੋਂ ਲੇਜ਼ਰ ਲੈਵਲਰ, ਹੈਪੀ ਸੀਡਰ, ਟੈਂਸ਼ੀਓਮੀਟਰ, ਰਾਈਸ ਪਲਾਂਟਰ, ਡਰਿਪ ਸਿੰਚਾਈ ਅਤੇ ਹਰਾ ਪੱਤਾ ਚਾਰਟ ਵਰਤਣ ਵੱਲ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਸਰਵਪੱਖੀ ਢੰਗ ਤਰੀਕੇ ਵਰਤ ਕੇ ਕੀੜੇ ਮਕੌੜਿਆਂ, ਬੀਮਾਰੀਆਂ ਅਤੇ ਧਰਤੀ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਨ ਲਈ ਵੀ ਹੰਭਲਾ ਮਾਰਿਆ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਵਿੱਚ ਯੂਨੀਵਰਸਿਟੀ ਦੇ ਪੀ ਐਚ ਡੀ ਪਾਸ 45, ਐਮ ਬੀ ਏ ਪਾਸ 57, ਐਗਰੀ ਬਿਜਨਸ ਮੈਨੇਜਮੈਂਟ 29, ਐਮ ਐਸ ਸੀ ਖੇਤੀਬਾੜੀ 212 ਅਤੇ ਐਮ ਟੱੈਕ ਪਾਸ 17 ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਇਲਾਵਾ 49 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ।