ਨਵੀਂ ਦਿੱਲੀ- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਕੰਪਲੈਕਸ ਵਿੱਚ ਸੰਗਤਾਂ ਨੂੰ ਪ੍ਰਾਪਤ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਉਸ ਦੀ ਦਿੱਖ ਨੂੰ ਸਵਾਰਨ ਦੇ ਕਾਰਜ ਦੀ ਕਾਰ ਸੇਵਾ ਸਵੇਰੇ 9-30 ਵਜੇ ਕਥਾ, ਕੀਰਤਨ ਅਤੇ ਅਰਦਾਸ ਉਪਰੰਤ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕੇਂਦਰੀ ਕੈਬਨਿਟ ਮੰਤਰੀ ਸ੍ਰੀ ਕਪਿਲ ਸਿੱਬਲ, ਦਿੱਲੀ ਦੇ ਸਿੱਖਿਆ ਅਤੇ ਟਰਾਂਸਪੋਰਟ ਮੰਤਰੀ ਸ੍ਰ. ਅਰਵਿੰਦਰ ਸਿੰਘ ਲਵਲੀ ਅਤੇ ਪਾਕਿਸਤਾਨ ਤੋਂ ਉਚੇਚੇ ਤੌਰ ਤੇ ਪਹੁੰਚੇ ਸ੍ਰ. ਐਵੇਨਿਊ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਸੱਈਅਦ ਆਸਿਫ਼ ਹਾਸ਼ਮੀ ਨੇ ਆਪਣੇ ਕਰ ਕਮਲਾ ਰਾਹੀਂ ਨੀਂਹ ਪੱਥਰ ਰੱਖ ਕੇ ਕੀਤੀ।ਇਸ ਮੌਕੇ ਤੇ ਸ੍ਰ. ਸਰਨਾ ਨੇ ਦਸਿਆ ਕਿ ਇਸ ਵਿਸਥਾਰ ਦੌਰਾਨ ਇੱਥੇ ਜ਼ਮੀਨ ਦੋਜ਼ (ਅੰਡਰ ਗਰਾਂਊਡ) ਦੋ ਮੰਜ਼ਲੀ ਕਾਰ ਪਾਰਕਿੰਗ, ਏਅਰਕੰਡੀਸ਼ਨਡ ਲੰਗਰ ਹਾਲ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਬਹੁ ਮੰਜ਼ਲੇ ਨਿਵਾਸ ਦਾ ਨਿਰਮਾਣ ਕੀਤਾ ਜਾਵੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਦਿੱਲੀ ਅਤੇ ਨਵੀਂ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ, ਚਾਂਦਨੀ ਚੌਂਕ, ਨਵੀਂ ਸੜਕ, ਚਾਵੜੀ ਬਾਜ਼ਾਰ, ਅਜਮੇਰੀ ਗੇਟ, ਪੁਲ ਪਹਾੜ ਗੰਜ, ਦੇਸ਼ ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ,ਪੰਚ ਕੂਈਆਂ ਰੋਡ, ਗੋਲ ਮਾਰਕਿਟ, ਗੁਰਦੁਆਰਾ ਬੰਗਲਾ ਸਾਹਿਬ ਮਾਰਗ, ਗੁਰਦੁਆਰਾ ਬੰਗਲਾ ਸਾਹਿਬ ਅਤੇ ਪੰਡਤ ਪੰਤ ਮਾਰਗ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪੁੱਜਾ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰ, ਬੈਂਡ ਵਾਜੇ, ਖਾਲਸਾ ਸਕੂਲਾਂ ਦੇ ਬੱਚੇ ਬੈਂਡ ਵਾਜਿਆਂ ਸਮੇਤ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਗਤਕਈ ਅਖਾੜੇ ਸ਼ਸਤਰ ਵਿਦਿਆ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਸਨ। ਸੰਗਤਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਅਸਵਾਰੀ ਦੇ ਸਵਾਗਤ ਵਿੱਚ ਜਗ੍ਹਾ ਜਗ੍ਹਾ ਸਵਾਗਤੀ ਗੇਟ ਬਣਾਏ ਹੋਏ ਸਨ। ਸੰਗਤਾਂ ਵਲੋਂ ਅੱਤੁਟ ਲੰਗਰ ਵਰਤਾਏ ਜਾ ਰਹੇ ਸਨ।