ਐਸ.ਏ.ਐਸ. ਨਗਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਵੱਲੋਂ ਚੱਪੜ ਚਿੜੀ ਦੇ ਇਤਿਹਾਸਿਕ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਯਾਦ ਰਹੇ ਕਿ ਇਸ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੇ ਮੁਗ਼ਲ ਹਾਕਮ ਵਜ਼ੀਰ ਖ਼ਾਨ ਨੂੰ ਕਰੜੀ ਹਾਰ ਦੇ ਕੇ ਸੰਨ 1711 ਵਿੱਚ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ। ਬਾਬਾ ਜੀ ਨੂੰ ਢੁਕਵੀਂ ਸ਼ਰਧਾਂਜਲੀ ਦੇਣ ਲਈ 20,000 ਤੋਂ ਜ਼ਿਆਦਾ ਸਾਬਕਾ ਫ਼ੌਜੀ ਅਤੇ 300 ਦੇ ਕਰੀਬ ਫ਼ੌਜ ਦੇ ਅਧਿਕਾਰੀ, ਜਿਨ੍ਹਾਂ ਵਿਚ ਭਾਰਤੀ ਫ਼ੌਜ ਦੇ ਪਹਿਲੇ ਸਿੱਖ ਜਨਰਲ ਜੇ.ਜੇ. ਸਿੰਘ ਵੀ ਸ਼ਾਮਲ ਹਨ, ਵਿਸ਼ੇਸ਼ ਤੌਰ ’ਤੇ ਬਾਬਾ ਜੀ ਦੀ ਬਹਾਦਰੀ ਨੂੰ ਸਿਜਦਾ ਕਰਨ ਲਈ ਪਹੁੰਚਣਗੇ ਅਤੇ ਜੰਗਜੂ ਰਵਾਇਤਾਂ ਨੂੰ ਅੱਗੇ ਲਿਜਾਣ ਦਾ ਪ੍ਰਣ ਲੈਣਗੇ।
ਬਾਬਾ ਜੀ ਦੀ ਯਾਦ ਵਿੱਚ ਉਸਾਰੀ ਗਈ 328 ਫ਼ੁੱਟ ਉੱਚੀ ਮਿਨਾਰ, ਜੋ ਦੇਸ਼ ਦੀ ਸਭ ਤੋਂ ਉੱਚੀ ਜੰਗੀ ਮਿਨਾਰ ਹੈ, ਨੂੰ 30 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਮਨੁੱਖਤਾ ਨੂੰ ਸਮਰਪਿਤ ਕਰਨਗੇ। ਅੱਜ ਚੱਪੜ ਚਿੜੀ ਜੰਗੀ ਯਾਦਗਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਨੇ ਦੱਸਿਆ ਕਿ ਇਸ 328 ਫ਼ੁੱਟ ਉੱਚੀ ਮਿਨਾਰ ਦੇ ਤਿੰਨ ਪੜਾਅ ਕ੍ਰਮਵਾਰ 20.4, 35.40 ਅਤੇ 66 ਮੀਟਰ ਹਨ। ਇਸ ਜੇਤੂ ਮਿਨਾਰ ਉਪਰ ਸਟੀਲ ਦੇ ਖੰਡੇ ਵਾਲਾ ਗੁੰਬਦ ਬਣਾਇਆ ਗਿਆ ਹੈ। ਮਿਨਾਰ ਦੇ 8 ਪਾਸੇ ਖ਼ੂਬਸੂਰਤ ਦਰਵਾਜ਼ੇ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਉਨ੍ਹਾਂ ਦੱਸਿਆ ਕਿ ਯਾਦਗਾਰ ਵਿਖੇ ਬਣਾਈ ਗਈ ਵਾਟਰ ਬਾਡੀ ਦੇ ਨਾਲ-ਨਾਲ ਉਤਰ-ਪੂਰਬੀ ਪਾਸੇ ਟਿੱਬਿਆਂ ਦੀ ਸ਼ਕਲ ਵਿਚ 6 ਅਜਿਹੇ ਢਾਂਚੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਉਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਪੰਜ ਮਹਾਨ ਜਰਨੈਲਾਂ ਭਾਈ ਫ਼ਤਹਿ ਸਿੰਘ, ਭਾਈ ਮਾਲੀ ਸਿੰਘ, ਭਾਈ ਆਲੀ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਬਾਜ਼ ਸਿੰਘ ਦੇ ਬੁੱਤ ਸਥਾਪਿਤ ਕੀਤੇ ਗਏ ਹਨ।
ਸ੍ਰੀ ਚੀਮਾ ਨੇ ਦੱਸਿਆ ਕਿ ਯਾਦਗਾਰ ਦੇ ਉਤਰ-ਪੱਛਮੀ ਪਾਸੇ 1200 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲੇ ਇੱਕ ਖੁਲ੍ਹੇ ਥੀਏਟਰ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਦੀ ਵਰਤੋਂ ਵੱਖ-ਵੱਖ ਸਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕੀਤੀ ਜਾਵੇਗੀ ਅਤੇ ਇਸ ਥੀਏਟਰ ਵਿਚ ਇੱਕ ਛੋਟੇ ਕੌਫ਼ੀ ਹਾਊਸ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਲੈਕਸ ਦੇ ਪ੍ਰਵੇਸ਼ ’ਤੇ ਇੱਕ ਸੂਚਨਾ ਕੇਂਦਰ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਕੰਪਲੈਕਸ ਵਿਚ ਹਰ ਥਾਂ ਜਾਣ ਲਈ ਵਿਸ਼ੇਸ਼ ਪੈਦਲ ਲਾਂਘੇ ਬਣਾਏ ਗਏ ਹਨ। ਸ੍ਰੀ ਚੀਮਾ ਨੇ ਦੱਸਿਆ ਕਿ ਇੱਕ ਵਿਸ਼ੇਸ਼ ਡੋਮ ਥੀਏਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਦਰਸ਼ਕਾਂ ਨੂੰ ਜੰਗ ਦੇ ਮਾਹੌਲ ਦਾ ਹੂਬਹੂ ਅਹਿਸਾਸ ਕਰਵਾਇਆ ਜਾ ਸਕੇ ਅਤੇ ਸਨਿੱਚਰਵਾਰ ਤੇ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਰੌਸ਼ਨੀ ਤੇ ਆਵਾਜ਼ ’ਤੇ ਆਧਾਰਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਇਆ ਕਰੇਗਾ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਸ੍ਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਿਵਾ ਜੀ ਤੋਂ ਬਾਅਦ ਭਾਰਤ ਦੀ ਧਰਤੀ ’ਤੇ ਮੁਗ਼ਲਾਂ ਨੂੰ ਹਰਾਉਣ ਵਾਲੇ ਬਾਬਾ ਜੀ ਦੂਜੇ ਮਹਾਨ ਯੋਧੇ ਸਨ। ਉਨ੍ਹਾਂ ਕਿਹਾ ਕਿ ਪਰ ਦੇਸ਼ ਅੰਦਰ ਬਾਬਾ ਜੀ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਬਣਦੀ ਮਾਨਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਹੁਣ ਖ਼ੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਯਾਦ ਵਿਚ ਇੱਕ ਸ਼ਾਨਦਾਰ ਜੰਗੀ ਯਾਦਗਾਰ ਦਾ ਨਿਰਮਾਣ ਕੀਤਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣੇਗੀ।
ਬਾਬਾ ਜੀ ਦੇ ਸ਼ਾਸਨ ਨੂੰ ਯਾਦ ਕਰਦਿਆਂ ਸ੍ਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਸਰਹਿੰਦ ਦੇ ਹੁਕਮਰਾਨ ਵਜੋਂ ਬਾਬਾ ਜੀ ਨੇ ਸਭ ਤੋਂ ਪਹਿਲਾ ਫ਼ੈਸਲਾ ਕਿਸਾਨਾਂ ਨੂੰ ਜ਼ਮੀਨੀ ਦੇ ਮਾਲਕੀ ਹੱਕ ਦੇਣ ਦੇ ਰੂਪ ਵਿਚ ਲਿਆ ਜਿਸ ਲਈ ਦੇਸ਼ ਦਾ ਹਰ ਕਿਸਾਨ ਉਨ੍ਹਾਂ ਦਾ ਹਮੇਸ਼ਾ ਦੇਣਦਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੇ ਅਤੇ ਦਸਵੇਂ ਪਾਤਿਸ਼ਾਹ ਦੇ ਨਾਂ ਵਾਲਾ ਪਹਿਲਾ ਭਾਰਤੀ ਸਿੱਕਾ ਜਾਰੀ ਕਰਨ ਲਈ ਵੀ ਯਾਦ ਕੀਤਾ ਜਾਂਦਾ ਹੈ।