ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਂਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜਦੀ ਪ੍ਰਧਾਨਗੀ ਵਿਚ ਵੋਹਰਾ ਕਾਲੋਨੀ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਗਿਆਨ ਯੱਗ ਸਪਤਾਹ ਕਥਾ ਦੇ ਚੌਥੇ ਦਿਨ ਸ਼ਰਧਾਲੂ ਸ੍ਰੀ ਰਾਮ ਅਵਤਾਰ ਤੇ ਸ੍ਰੀ ਕ੍ਰਿਸ਼ਨ ਜਨਮ ਦਾ ਪ੍ਰਸੰਗ ਸੁਣ ਕੇ ਮੰਤਰ ਮੁਗਧ ਹੋ ਗਏ। ਇਸੇ ਦੌਰਾਨ ਸਜਾਈ ਗਈ ਸ੍ਰੀ ਰਾਮ ਅਵਤਾਰ ਤੇ ਕ੍ਰਿਸ਼ਨ ਜਨਮ ਦੀਆਂ ਸੁੰਦਰ ਝਾਂਕੀਆਂ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਕਥਾ ਸਥਲ ਭਗਵਾਨ ਸ੍ਰੀ ਰਾਮ ਚੰਦਰ ਤੇ ਕ੍ਰਿਸ਼ਨ ਭਗਵਾਨ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਦੌਰਾਨ ਸਵਾਮੀ ਕਮਲਾਨੰਦ ਜੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਨੇ ਸਦਾ ਆਪਣੀ ਮਰਿਆਦਾਵਾਂ ਦਾ ਪਾਲਣ ਕੀਤਾ। ਇਸ ਲਈ ਉਨ੍ਹਾਂ ਨੂੰ ਮਰਿਆਦਾ ਪ੍ਰਸ਼ੋਤਮ ਕਿਹਾ ਜਾਂਦਾ ਹੈ। ਸ੍ਰੀਰਾਮ ਚੰਦਰ ਜੀ ਨੇ ਆਪਣੇ ਮਾਤਾ-ਪਿਤਾ ਦੀ ਹਰ ਆਗਿਆ ਦਾ ਪਾਲਣ ਕੀਤਾ। ਇਥੋਂ ਤੱਕ ਕਿ ਪਿਤਾ ਦੇ ਕਹਿਣ ਤੇ 14 ਸਾਲ ਦਾ ਵਣਵਾਸ ਵੀ ਕੱਟਿਆ ਤੇ ਪਿਤਾ ਤੋਂ ਵਣਵਾਸ ਭੇਜਣ ਤੱਕ ਦਾ ਕਾਰਨ ਵੀ ਨਹੀਂ ਪੁਛਿਆ। ਸਵਾਮੀ ਜੀ ਨੇ ਨੌਜਵਾਨਾਂ ਨੂੰ ਪ੍ਰਭੂ ਸ੍ਰੀਰਾਮ ਚੰਦਰ ਜੀ ਦੀ ਤਰ੍ਹਾਂ ਮਾਤਾ-ਪਿਤਾ ਦੀ ਹਰ ਆਗਿਆ ਦਾ ਪਾਲਣ ਕਰਨ ਦੀ ਪ੍ਰੇਰਣਾ ਦਿੱਤੀ। ਸਵਾਮੀ ਜੀ ਨੇ ਕ੍ਰਿਸ਼ਨ ਜਨਮ ਦਾ ਵਰਣਨ ਸੁਣਾਉਂਦੇ ਹੋਏ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਰਾਖਸ਼ਸ਼ਾ, ਦੇਤਾਂ ਦਾ ਵਧ ਕਰਨ ਲਈ ਹੋਇਆ। ਭਗਵਾਨ ਕ੍ਰਿਸ਼ਨ ਨੇ ਕਈ ਦੈਤਾਂ ਦਾ ਸੰਹਾਰ ਕਰਕੇ ਧਰਤੀ ਤੇ ਪਾਪ ਦਾ ਬੋਝ ਘੱਟ ਕੀਤਾ। ਇਸ ਮੌਕੇ ਤੇ ਵਰਿੰਦਾਵਨ ਤੋਂ ਪਹੁੰਚੇ ਬਾਲ ਸੰਗੀਤ ਕਲਾਕਾਰ ਸ੍ਰੀ ਰਾਘਵੇਂਦਰ ਸ਼ਰਮਾ ਆਪਣੀ ਭਜਨ ਮੰਡਲੀ ਸਮੇਤ ਮਨਮੋਹਕ ਭਜਨਾ ਰਾਹੀਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ। ਕਥਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਭਾਗਵਤ ਕਥਾ ਸੁਣ ਪੁੰਨ-ਲਾਭ ਕਮਾਇਆ।