ਫਤਹਿਗੜ੍ਹ ਸਾਹਿਬ -: “ਬੇਸੱਕ ਅਮਰੀਕਾ-ਨਾਟੋ ਫੌਜਾਂ ਦਹਿਸ਼ਤਗਰਦੀ ਵਿਰੁੱਧ ਕੰਮ ਕਰ ਰਹੀਆ ਹਨ, ਪਰ ਪਹਿਲੇ ਅਮੀਰੀਕਨ ਡਰੋਨ ਹਮਲਿਆ ਰਾਹੀ ਵੱਡੀ ਗਿਣਤੀ ਵਿਚ ਬੇਕਸੂਰ ਪਾਕਿਸਤਾਨੀਆਂ ਨੂੰ ਮਾਰ-ਮੁਕਾ ਦੇਣ ਦੀ ਕਾਰਵਾਈ ਅਤੇ ਹੁਣ ਬੀਤੇ ਸੁੱਕਰਵਾਰ ਪਾਕਿਸਤਾਨੀ ਸਲਾਲ ਚੌਕੀ ਉਤੇ ਹਮਲਾ ਕਰਕੇ 28 ਪਾਕਿਸਤਾਨੀ ਜੁਆਨਾਂ ਨੂੰ ਹਾਲਾਕ ਕਰ ਦੇਣ ਅਤੇ 15 ਨੂੰ ਜਖ਼ਮੀ ਕਰ ਦੇਣ ਦੀ ਕਾਰਵਾਈ ਅਤਿ ਦੁਖਦਾਂਇਕ ਤੇ ਮਨੁੱਖਤਾ ਵਿਰੋਧੀ ਅਫਸੋਸਨਾਕ ਅਮਲ ਦੇ ਨਾਲ-ਨਾਲ ਏਸੀਆ ਖਿਤੇ ਦੇ ਅਮਨ-ਚੈਨ ਲਈ ਵੀ ਵੱਡੇ ਖਤਰੇ ਦੀ ਘੰਟੀ ਹੈ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਾਟੋ ਫੌਜ਼ਾਂ ਵੱਲੋ ਪਾਕਿਸਤਾਨੀ ਜੁਆਨਾਂ ਨੂੰ ਬੇਰਹਿਮੀ ਨਾਲ ਮਾਰ ਦੇਣ ਦੀ ਕਾਰਵਾਈ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਠੀਕ ਹੈ ਕਿ ਅਸੀ ਅਮਰੀਕਾ ਦੀਆਂ ਉਨ੍ਹਾਂ ਨੀਤੀਆਂ ਅਤੇ ਸੋਚ ਦਾ ਸਮਰਥਨ ਕਰਦੇ ਹਾਂ ਜਿਸ ਨਾਲ ਸਮੁੱਚੇ ਮੁਲਕ ਮਾਲੀ ਤੌਰ ਤੇ ਮਜਬੂਤ ਹੋਣ, ਹਰ ਮੁਲਕ ਵਿਚ ਮਨੁੱਖੀ ਅਧਿਕਾਰਾ ਦੀ ਰੱਖਿਆ ਹੋਵੇ ਅਤੇ ਤਸੱਦਦ-ਜੁਲਮ ਝੱਲਣ ਵਾਲੀਆ ਕੌਮਾਂ ਵਿਚ ਉਠੀ ਦਹਿਸ਼ਤਗਰਦੀ ਦੇ ਨਾਲ-ਨਾਲ ਸਰਕਾਰੀ ਦਹਿਸ਼ਤਗਰਦੀ ਵੀ ਬੰਦ ਹੋਵੇ, ਪਰ ਅਮਰੀਕਾ ਤੇ ਨਾਟੋ ਫੌਜ਼ਾਂ ਵੱਲੋ ਬੀਤੇ ਲੰਮੇ ਸਮੇ ਤੋ ਅਫਗਾਨੀਸਤਾਨ, ਪਾਕਿਸਤਾਨ ਅਤੇ ਹੋਰ ਕਈ ਮੁਲਕਾਂ ਵਿਚ ਕੀਤੀਆਂ ਜਾ ਰਹੀਆਂ ਅਣਮਨੁੱਖੀ, ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਨ ਵਾਲੀਆ ਕਾਰਵਾਈਆਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਕਦੀ ਵੀ ਸਮਰਥਨ ਨਹੀ ਕਰੇਗੀ । ਉਹਨਾਂ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਾਥੀ ਮੁਲਕ ਇਸ ਗੱਲ ਨੂੰ ਵੀ ਚੇਤੇ ਰੱਖਣ ਕਿ ਜਦੋ ਵੀ ਮੁਸਲਿਮ ਮੁਲਕਾਂ ਜਾਂ ਹਿੰਦ ਦੇ ਗੁਆਢੀ ਮੁਲਕਾਂ ਵਿਚ ਮੁਸਲਿਮ ਜਾਂ ਸਿੱਖ ਕੌਮ ਵਿਰੁੱਧ ਕੋਈ ਕਾਰਵਾਈ ਹੁੰਦੀ ਹੈ ਤਾਂ ਇਹ ਹਿੰਦੂਤਵ ਹੁਕਮਰਾਨ ਅਤੇ ਜਮਾਤਾਂ ਖੁਸ਼ੀ ਮਨਾਉਦੀਆਂ ਹੋਈਆਂ ਲੱਡੂ ਵੱਡਣ ਆਦਿ ਦੇ ਅਮਲ ਕਰਕੇ ਆਪਣੇ ਅੰਦਰ ਪਨਪ ਰਹੀਆ ਮੰਦਭਾਵਨਾਵਾਂ ਨੂੰ ਖੁਦ ਹੀ ਉਜਾਗਰ ਕਰਦੀਆ ਰਹਿੰਦੀਆ ਹਨ । ਅਜਿਹੀਆਂ ਕਾਰਵਾਈਆ ਅਤੇ ਅਮਲ ਨਫ਼ਰਤ ਅਤੇ ਬਗਾਵਤ ਨੂੰ ਉਤਸਾਹਿਤ ਕਰਦੀਆਂ ਹਨ ਨਾ ਕਿ ਘੱਟ । ਸ. ਮਾਨ ਨੇ ਕਿਹਾ ਕਿ ਮੁਸਲਿਮ ਤੇ ਸਿੱਖ ਕੌਮ ਉਤੇ ਹਿੰਦ ਵਿਚ ਅਤੇ ਗੁਆਢੀ ਮੁਲਕਾਂ ਵਿਚ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਇਖ਼ਲਾਕੀ ਜ਼ਬਰ ਜ਼ੁਲਮ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਹਿੰਦ ਦੇ ਗੁਆਢੀ ਮੁਲਕ ਪਾਕਿਸਤਾਨ, ਚੀਨ, ਬੰਗਲਾਦੇਸ ਆਦਿ ਕੋਈ ਵੀ ਹੋਣ, ਉਹ ਫੌਜ਼ੀ ਤਾਕਤ ਵੱਲੋ ਮਜਬੂਤ ਹੋਣੇ ਚਾਹੀਦੇ ਹਨ । ਉਹਨਾਂ ਮੁਲਕਾ ਦੀ ਵੱਧਦੀ ਫੌਜੀ ਤਾਕਤ ਹਿੰਦ ਲਈ ਖ਼ਤਰਾ ਨਹੀ ਬਲਕਿ ਏਸੀਆ ਖਿੱਤੇ ਦੇ ਅਮਨ-ਚੈਨ ਅਤੇ ਇਥੇ ਵੱਸਣ ਵਾਲੀਆ ਕੌਮਾਂ ਦੀ ਪ੍ਰਫੁੱਲਤਾਂ ਲਈ ਮਦਦਗਾਰ ਸਾਬਿਤ ਹੁੰਦੀ ਹੈ । ਉਹਨਾਂ ਕਿਹਾ ਕਿ ਜਦੋ ਗੁਆਢੀ ਮੁਲਕ ਫੌਜ਼ੀ ਅਤੇ ਮਾਲੀ ਤੌਰ ਤੇ ਮਜਬੂਤ ਹੋਣਗੇ ਤਾਂ ਹਿੰਦੂਤਵ ਹਕੂਮਤ ਮੁਸਲਿਮ ਜਾਂ ਸਿੱਖਾਂ ਉਤੇ ਕਦੀ ਵੀ ਜ਼ਬਰ ਜੁਲਮ ਕਰਨ ਜਾਂ ਬੇਇਨਸਾਫੀ ਕਰਨ ਦੀ ਸੋਚ ਨਹੀ ਸਕੇਗੀ ਅਤੇ ਸਦਾ ਲਈ ਮਾਹੌਲ ਜੰਗ ਰਹਿਤ ਬਣਿਆ ਰਹੇਗਾ ।
ਸ. ਮਾਨ ਨੇ ਆਪਣੇ ਇਸ ਕੌਮਾਤਰੀ ਨਿਤੀ ਅਧੀਨ ਦਿਤੇ ਗਏ ਬਿਆਨ ਦੇ ਅਖੀਰ ਵਿਚ ਕਿਹਾ ਕਿ ਸਾਨੂੰ ਆਪਣੇ ਅਤਿ ਭਰੋਸੇਯੋਗ ਖੁਫੀਆ ਵਿੰਗ ਤੋ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅਮਰੀਕਾ “ਸਿੱਖ ਸਪਿਰਟ” ਦੀ ਕਦਰ ਕਰਦੇ ਹੋਏ ਅਫਗਾਨੀਸਤਾਨ ਅਤੇ ਹੋਰ ਮੁਲਕਾਂ ਵਿਚੋ ਸਿੱਖਾਂ ਦੀ ਸਮਗਲਿੰਗ ਕਰਕੇ ਅਮਰੀਕਾ ਲਿਜਾ ਰਿਹਾ ਹੈ । ਜਿਹਨਾਂ ਨੂੰ ਅਮਰੀਕਾ ਆਪਣੇ ਫੌਜ਼ੀ ਅੱਡਿਆਂ ਵਿਚ ਨੌਕਰੀ ਦੇਕੇ ਰੱਖਦਾ ਹੈ, ਜੋ ਸਵਾਗਤਯੋਗ ਹੈ ਲੇਕਿਨ ਸਿੱਖ ਕੌਮ ਨੂੰ ਉਹਨਾਂ ਦੇ ਆਪਣੇ ਕੌਮੀ ਚਿੰਨ ਦਸਤਾਰ ਪਹਿਨਣ ਅਤੇ ਕੇਸ ਰੱਖਣ ਉਤੇ ਅਜਿਹੇ ਹਵਾਈ ਅੱਡਿਆਂ ਵਿਚ ਪਾਬੰਦੀ ਲਾਈ ਹੋਈ ਹੈ । ਇਹ ਕਿਥੋ ਦਾ ਇੰਨਸਾਫ ਹੈ ਕਿ ਸਿੱਖ ਕੌਮ ਦੀ ਸਿੱਖੀ ਮਨੁੱਖਤਾਂ ਪੱਖੀ ਅਤੇ ਬੇਖੌਫ ਸਪਿਰਟ ਦੀ ਕੋਈ ਤਾਕਤ ਵਰਤੋ ਕਰੇ ਲੇਕਿਨ ਸਿੱਖੀ ਚਿੰਨ੍ਹਾਂ ਦੀ ਤੋਹੀਣ ਕਰੇ । ਉਹਨਾਂ ਕਿਹਾ ਜੇਕਰ ਅਮਰੀਕਾ ਨੇ “ਮੌਤ ਨਾਲ ਮਖੌਲਾ ਕਰਨ ਵਾਲੇ” ਸਿੱਖਾਂ ਨੂੰ ਆਪਣੇ ਮੁਲਕ ਵਿਚ ਕਿਸੇ ਸਥਾਨ ਤੇ ਸੇਵਾ ਲੈਣੀ ਹੈ ਤਾਂ ਉਹ ਸਭ ਤੋ ਪਹਿਲੇ ਸਿੱਖੀ ਚਿੰਨ੍ਹਾਂ ਉਤੇ ਲਗਾਈਆਂ ਗਈਆ ਕਾਨੂੰਨੀ ਪਾਬੰਦੀਆਂ ਨੂੰ ਹਟਾਵੇ ਤੇ ਸਿੱਖ ਕੌਮ ਦਾ ਹਰ ਖੇਤਰ ਵਿਚ ਸਤਿਕਾਰ ਕਾਇਮ ਰੱਖੇ ।