ਕੁੱਪ ਰੋਹੀੜਾ (ਸੰਗਰੂਰ),(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਅਹਿਮ ਐਲਾਨ ਕਰਦਿਆਂ ਕਿਹਾ ਕਿ ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦੁਆਬੇ ਦੀ ਧਰਤੀ ‘ਤੇ 300 ਤੋਂ 400 ਕਰੋੜ ਰੁਪਏ ਤੱਕ ਦੀ ਲਾਗਤ ਨਾਲ ਵਿਸ਼ਵ ਪੱਧਰੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ।
ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਰਦਾਸ ਕਰਨ ਤੋਂ ਉਪਰੰਤ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਅਕਾਸ਼ ਗੂਂਜਦੇ ਜੈਕਾਰਿਆਂ ਵਿਚ 30,000 ਹਜ਼ਾਰ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਬਣੀ ਸ਼ਾਨਾਮੱਤੀ ‘ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ’ ਨੂੰ ਮਨੁੱਖਤਾ ਅਤੇ ਖਾਲਸਾ ਪੰਥ ਨੂੰ ਸਮਰਪਿਤ ਕਰਨ ਤੋਂ ਬਾਅਦ ਸ. ਬਾਦਲ ਨੇ ਇੱਕ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੱਧਰੀ ਯਾਦਗਾਰ ਦੁਆਬੇ ਦੇ ਖਿੱਤੇ ਵਿੱਚ ਕਿਸੇ ਵੀ ਥਾਂ ‘ਤੇ ਵਿਰਾਸਤ-ਏ-ਖਾਲਸਾ ਜੋ ਸਿੱਖਾਂ ਦੇ 550 ਸਾਲ ਦੇ ਮਾਹਨ ਇਤਿਹਾਸ ਦੀ ਨੂੰ ਦਰਸਾਉਂਦੀ ਹੈ, ਦੇ ਪੱਧਰ ਦੀ ਸਥਾਪਤ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਉਸਾਰੀ ਜਾਣ ਵਾਲੀ ਵਿਸ਼ਵ ਪੱਧਰੀ ਯਾਦਗਾਰ ਲਈ ਥਾਂ ਦੀ ਚੋਣ, ਡਿਜ਼ਾਈਨ ਅਤੇ ਰੂਪ ਰੇਖਾ ਬਾਰੇ ਅੰਤਿਮ ਫੈਸਲਾ 3 ਦਸੰਬਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਦੌਰਨ ਲਿਆ ਜਾਵੇਗਾ।
ਸ. ਬਾਦਲ ਨੇ ਵੱਡੇ ਘੱਲੂਘਾਰਾ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕੁੱਪ ਰਹੀੜਾ ਦੀ ਧਰਤੀ ਦਾ ਚੱਪਾ ਚੱਪਾ ਸ਼ਹੀਦਾਂ ਦੇ ਲਹੂ ਨਾਲ ਸਿੰਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੁਗਲ ਹਾਕਮ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦਾ ਨੇਸਤੋ ਨਾਬੂਦ ਕਰਨ ਲਈ ਭਾਰੀ ਗਿਣਤੀ ਵਿੱਚ ਫੌਜ ਲੈ ਕੇ ਕੁੱਪ ਰਹੀੜਾ ਦੀ ਧਰਤੀ ‘ਤੇ ਆਇਆ ਸੀ, ਪਰ ਸਿੱਖ ਸੂਰਬੀਰਾਂ ਨੇ ਸ਼ਹਾਦਤਾਂ ਦੇ ਕੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਿਆ ਅਤੇ ਅਬਦਾਲੀ ਨੂੰ ਸਿੱਖਾਂ ਦੇ ਸਿਦਕ ਅੱਗੇ ਪੇਸ਼ ਨਾ ਚਲਦੀ ਵੇਖ ਪਿੱਛੇ ਮੁੜਨਾ ਪਿਆ।ਕਾਂਗਰਸ ਵਲੋਂ ਵਿਰਾਸਤ-ਏ-ਖਾਲਸਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੀ ਸਥਾਪਨਾ ਨੂੰ ਅਕਾਲੀ-ਭਾਜਪਾ ਸਰਕਾਰ ਉਪਰ ਸਿਆਸੀ ਲਾਹਾ ਲੈਣ ਦੇ ਲਾਏ ਦੋਸ਼ਾਂ ਦੀ ਸਖਤ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਸਰਕਾਰ ਸਮੇਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਸਨ, ਪਰ ਹੁਣ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਮਹਾਨ ਯਾਦਗਾਰਾਂ ਉਸਾਰ ਕੇ ਕੌਮ ਨੂੰ ਸਮਰਪਿਤ ਕੀਤੀਆਂ ਹਨ ਤਾਂ ਈਰਖਾ ਵਿੱਚ ਆ ਕੇ ਕਾਂਗਰਸੀ ਆਗੂ ਅਜਿਹੀ ਬਿਆਨਬਾਜ਼ੀ ਕਰਕੇ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ।ਉਨ੍ਹਾਂ ਕਿਹਾ, ‘ਮਹਾਨ ਵਿਰਾਸਤ ਅਤੇ ਸਭਿਆਚਾਰ ਦੀ ਸੰਭਾਲ ਕਰਨਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਅਤੇ ਸਾਡੀ ਸਰਕਾਰ ਨੇ ਆਉਣ ਵਾਲੀਆਂ ਪੀੜੀਆਂ ਨੂੰ ਸੇਧ ਦੇਣ ਲਈ ਉਸਾਰੀਆਂ ਇਹ ਯਾਦਗਾਰਾਂ ਇਸ ਪਾਸੇ ਵੱਲ ਨਿਮਾਣਾ ਜਿਹਾ ਇੱਕ ਕਦਮ ਚੁੱਕਿਆ ਹੈ’। ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ਨੂੰ ਮਾਨਵਤਾ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਇਨ੍ਹਾਂ ਯਾਦਗਾਰਾਂ ਬਾਰੇ ਕੂੜ ਭਰੀ ਬਿਆਨਬਾਜੀ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਕਿਉਂਕਿ ਇਨ੍ਹਾਂ ਯਾਦਗਾਰਾਂ ਦੀ ਸਿਰਫ ਪੰਜਾਬ ਵਾਸੀ ਹੀ ਨਹੀਂ ਬਲਕਿ ਸਮੱਚੀ ਲੋਕਾਈ ਭਰਵੀਂ ਸ਼ਲਾਘਾ ਕਰ ਰਹੀ ਹੈ।