ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਮਾਸਕ ਪੱਤਰ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਸੰਪਾਦਕਾਂ ਨਾਲ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਮਗਰੋਂ ਅਨਾਜ ਸੁਰੱਖਿਆ ਸਾਡੇ ਲਈ ਬਹੁਤ ਵੱਡੀ ਚੁਣੌਤੀ ਸੀ ਜਿਸ ਨੂੰ ਛੇਵੇਂ ਸਤਵੇਂ ਦਹਾਕੇ ਵਿੱਚ ਵਿਸ਼ੇਸ ਯਤਨਾਂ ਨਾਲ ਹੱਲ ਕਰ ਲਿਆ ਗਿਆ ਅਤੇ ਰਵਾਇਤੀ ਖੇਤੀ ਢੰਗਾਂ ਦੀ ਥਾਂ ਨਵੇਂ ਸੁਧਰੇ ਬੀਜਾਂ, ਖਾਦਾਂ, ਕੀਟ ਨਾਸ਼ਕ ਜ਼ਹਿਰਾਂ ਅਤੇ ਸਿੰਜਾਈ ਨਵੇਂ ਢੰਗ ਤਰੀਕਿਆਂ ਨਾਲ ਖੇਤੀਬਾੜੀ ਦਾ ਮੁਹਾਂਦਰਾ ਤਬਦੀਲ ਹੋ ਗਿਆ। ਉਸ ਸਮੇਂ ਦੇਸ਼ ਸਾਹਮਣੇ ਅਨਾਜ ਸੁਰੱਖਿਆ ਚੁਣੌਤੀ ਵੀ ਸੀ ਅਤੇ ਹੱਲ ਕਰਨ ਵਾਲਾ ਸਭ ਤੋਂ ਔਖਾ ਸਵਾਲ ਵੀ ਜਿਸ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਵੰਗਾਰ ਨੂੰ ਕਬੂਲਿਆ ਅਤੇ ਅੰਤਰ ਰਾਸ਼ਟਰੀ ਖੋਜ ਸੰਸਥਾਵਾਂ ਨਾਲ ਸਹਿਯੋਗ ਕਰਕੇ ਨਵੀਆਂ ਵਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਾਸ ਕੀਤਾ। ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਫ਼ਸਲਾਂ ਦੀ ਪ੍ਰਵਰਿਸ਼, ਸੁਰੱਖਿਆ ਆਦਿ ਬਾਰੇ ਵੀ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਜਿਨ੍ਹਾਂ ਨੂੰ ਸਾਡੇ ਕਿਸਾਨ ਭਰਾਵਾਂ ਨੇ ਬਹੁਤ ਚੰਗੀ ਤਰ੍ਹਾਂ ਪ੍ਰਵਾਨ ਕੀਤਾ। ਇਸੇ ਕਰਕੇ ਪੰਜਾਬ ਕੇਂਦਰੀ ਅਨਾਜ ਭੰਡਾਰ ਵਿੱਚ ਵੱਡਾ ਹਿੱਸਾ ਪਾਉਂਦਾ ਰਿਹਾ। ਇਸ ਨਾਲ ਹੀ ਕਣਕ ਅਤੇ ਝੋਨੇ ਦੇ ਉਤਪਾਦਨ ਵਿੱਚ ਲਗਪਗ ਚਾਰ ਗੁਣਾਂ ਵਾਧਾ ਹੋਇਆ।
ਡਾ: ਢਿੱਲੋਂ ਨੇ ਆਖਿਆ ਕਿ ਭਾਰਤ ਦੇ ਉਪਜਾਊ ਖੇਤਰਾਂ ਪੰਜਾਬ, ਹਰਿਆਣਾ ਅਤੇ ਪੱਛਮੀ ਯੂ ਪੀ ਵਿੱਚ ਹੋਈਆਂ ਫ਼ਸਲਾਂ ਨੇ ਅਨਾਜ ਦੇ ਭੰਡਾਰ ਭਰ ਦਿੱਤੇ ਪਰ ਕੁਝ ਦਹਾਕਿਆਂ ਬਾਅਦ ਇਸ ਵਧੇ ਅਨਾਜ ਉਤਪਾਦਨ ਨੇ ਆਪਣੇ ਨੁਕਸਾਨਕਾਰੀ ਅਸਰ ਵਿਖਾਉਣੇ ਵੀ ਸ਼ੁਰੂ ਕਰ ਦਿੱਤੇ। ਪਾਣੀ ਪੱਧਰ ਹੇਠਾਂ ਜਾਣ ਲੱਗਾ। ਧਰਤੀ ਦੀ ਸਿਹਤ ਵੀ ਨਿੱਘਰ ਗਈ। ਵੱਧ ਰਸਾਇਣਕ ਜ਼ਹਿਰਾਂ ਅਤੇ ਖਾਦਾਂ ਕਾਰਨ ਵਾਤਾਵਰਨ ਵਿੱਚ ਵੀ ਤਬਦੀਲੀ ਆਈ। ਲੋੜੋਂ ਵੱਧ ਖੇਤੀ ਰਸਾਇਣਾਂ ਦੀ ਵਰਤੋਂ ਦੇ ਨਾਲ ਨਾਲ ਖਾਦਾਂ ਅਤੇ ਹੋਰ ਜ਼ਹਿਰਾਂ ਨਾਲ ਜ਼ਮੀਨ ਦੀ ਸਿਹਤ ਵਿਗੜਨ ਲੱਗੀ। ਖੇਤੀ ਜੋਤਾਂ ਦਾ ਆਕਾਰ ਸੁੰਘੜਨ ਨਾਲ ਖੇਤੀ ਲਾਹੇਵੰਦਾ ਕਿੱਤਾ ਨਾ ਰਿਹਾ। ਖੇਤੀ ਖਰਚੇ ਵਧਣ, ਕਮਾਈ ਘਟਣ ਅਤੇ ਮੰਡੀਕਰਨ ਸਮੱਸਿਆਵਾਂ ਕਾਰਨ ਕਿਸਾਨ ਮੁਸ਼ਕਲਾਂ ਵਿੱਚ ਘਿਰ ਗਿਆ। ਇਹ ਸਾਰੀਆਂ ਗੱਲਾਂ ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਂਦੇ-ਬਣਾਉਂਦੇ ਵਾਪਰੀਆਂ। ਇਸ ਨੂੰ ਕੁਝ ਲੋਕ ਹਰੇ ਇਨਕਲਾਬ ਨਾਲ ਜੋੜ ਕੇ ਵੇਖਦੇ ਹਨ ਜਦ ਕਿ ਇਹ ਮੁਸੀਬਤਾਂ ਦੇਸ਼ ਦੀ ਅਨਾਜ ਸੁਰੱਖਿਆ ਨੂੰ ਹੱਲ ਕਰਦੇ ਕਰਦੇ ਉਭਰੀਆਂ ਹਨ। ਡਾ: ਢਿੱਲੋਂ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕਿਸਮਾਂ, ਉਨ੍ਹਾਂ ਦਾ ਸਮੇਂ ਸਿਰ ਪਸਾਰ, ਲੋੜ ਮੁਤਾਬਕ ਵਿਕਸਤ ਤਕਨੀਕਾਂ ਅਤੇ ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾਂ ਮਿਸਾਲ ਦੇ ਤੌਰ ਤੇ ਸਮੇਂ ਸਿਰ ਖੇਤੀ ਸਾਧਨਾਂ ਦੀ ਪ੍ਰਾਪਤੀ ਚੰਗੀਆਂ ਸੰਪਰਕ ਸੜਕਾਂ, ਮੰਡੀਕਰਨ ਢਾਂਚਾ, ਕਰਜ਼ਾ ਸਹੂਲਤਾਂ ਆਦਿ ਨਾਲ ਕਿਸਾਨ ਭਰਾ ਕਣਕ ਝੋਨਾ ਫ਼ਸਲ ਚੱਕਰ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਏ।
ਪਰ ਹੁਣ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਸਾਡੇ ਕਿਸਾਨ ਭਰਾਵਾਂ ਨੇ ਲੋੜੋਂ ਵੱਧ ਪਾਣੀ, ਕੀਟਨਾਸ਼ਕ ਜ਼ਹਿਰਾਂ ਅਤੇ ਖਾਦਾਂ ਦੀ ਵਰਤੋਂ ਕਰਨ ਲੱਗਿਆਂ ਯੂਨੀਵਰਸਿਟੀ ਸਿਫਾਰਸ਼ਾਂ ਦਾ ਪੂਰਾ ਧਿਆਨ ਨਹੀਂ ਰੱਖਿਆ। ਝੋਨਾ ਪਾਲਣ ਲਈ ਲੋੜੀਂਦੇ ਪਾਣੀ ਵਿਚੋਂ 70 ਫੀ ਸਦੀ ਜ਼ਰੂਰਤਾਂ 12.5 ਲੱਖ ਟਿਊਬਵੱੈਲ ਪੂਰੀਆਂ ਕਰਦੇ ਹਨ। ਬਹੁਤਾ ਪਾਣੀ ਧਰਤੀ ਹੇਠੋਂ ਖਿੱਚਣ ਨਾਲ ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਸਾਲਾਨਾ 90 ਸੈਂਟੀਮੀਟਰ ਹੇਠਾਂ ਜਾਣ ਲੱਗਾ। ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਜਲ ਸੋਮਿਆਂ ਸੰਬੰਧੀ ਕਾਨੂੰਨ ਪਾਸ ਕਰਕੇ ਝੋਨੇ ਦੀ ਕਾਸ਼ਤ 10 ਜੂਨ ਤੋਂ ਪਹਿਲਾਂ ਨਾ ਕਰਨ ਦਾ ਪ੍ਰਬੰਧ ਕੀਤਾ। ਇਸ ਦਾ ਚੰਗਾ ਲਾਭ ਹੋ ਰਿਹਾ ਹੈ ਕਿਉਂਕਿ ਇਹ ਜਲ ਨਿਘਾਰ ਹੁਣ ਸਾਲਾਨਾ 50 ਸੈਂਟੀਮੀਟਰ ਤੀਕ ਪਹੁੰਚ ਗਿਆ ਹੈ। ਕੁਝ ਹੋਰ ਯਤਨ ਕਰਨ ਨਾਲ ਇਸ ਨੂੰ ਹੋਰ ਘਟਾਇਆ ਜਾ ਸਕਦਾ ਹੈ।
ਡਾ: ਢਿੱਲੋਂ ਨੇ ਆਖਿਆ ਕਿ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਵੀ ਸੰਕੋਚ ਨਾਲ ਕਰਨੀ ਚਾਹੀਦੀ ਹੈ ਅਤੇ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਇਨ੍ਹਾਂ ਦੀ ਸਿਫਾਰਸ਼ ਤੋਂ ਵੱਧ ਮਾਤਰਾ ਵਰਤਣ ਦਾ ਨੁਕਸਾਨ ਹੀ ਹੈ। ਧਰਤੀ ਅਤੇ ਪਾਣੀ ਇਸ ਵੱਧ ਜ਼ਹਿਰੀ ਛਿੜਕਾਅ ਅਤੇ ਖਾਦਾਂ ਕਾਰਨ ਜ਼ਹਿਰੀਲੇ ਹੋ ਰਹੇ ਹਨ। ਧਰਤੀ ਦੀ ਉਪਜਾਊ ਸ਼ਕਤੀ ਤੇ ਵੀ ਮੰਦਾ ਅਸਰ ਪਾ ਰਹੇ ਹਨ। ਕਿਸਾਨ ਦਾ ਨਿਰਬਾਹ ਘੱਟ ਉਪਜ ਕਾਰਨ ਔਖਾ ਹੋ ਰਿਹਾ ਹੈ। ਕਰਜ਼ੇ ਮੋੜਨੇ ਮੁਹਾਲ ਹੋ ਰਹੇ ਹਨ ਅਤੇ ਕਿਸਾਨ ਭਰਾ ਸਮਾਜਿਕ ਤਣਾਓ ਵਿੱਚ ਜੀਅ ਰਿਹਾ ਹੈ।
ਕੌਮੀ ਪੱਧਰ ਤੇ ਸਾਨੂੰ ਏਧਰ ਧਿਆਨ ਦੇਣਾ ਚਾਹੀਦਾ ਹੈ ਕਿ ਵਧਦੀ ਆਬਾਦੀ ਅਤੇ ਭੋਜਨ ਲਈ ਲੋੜੀਂਦੇ ਅਨਾਜ ਦੀ ਪੈਦਾਵਾਰ ਵਿਚਕਾਰ ਵਧ ਰਿਹਾ ਖੱਪਾ ਕਿਵੇਂ ਪੂਰਾ ਕਰਨਾ ਹੈ। ਪਿਛਲੇ ਦਹਾਕੇ ਵਿੱਚ ਅਨਾਜ ਉਤਪਾਦਨ ਵਿੱਚ ਖੜੋਤ ਆਈ ਹੈ। ਦੇਸ਼ ਦੀ ਅਨਾਜ ਸੁਰੱਖਿਆ ਖਤਰੇ ਵਿੱਚ ਹੈ। ਵਧਦੀ ਆਬਾਦੀ ਦੇ ਕਿਆਫੇ ਦਸਦੇ ਹਨ ਕਿ 2026 ਵਿੱਚ ਇਹ 140 ਕਰੋੜ ਹੋ ਜਾਵੇਗੀ। ਸੁਧਰੇ ਜੀਵਨ ਮਿਆਰ ਨਾਲ ਵੀ ਅਨਾਜ ਲੋੜਾਂ ਵਧਦੀਆਂ ਹਨ। ਇਸ ਲਈ ਦੇਸ਼ ਦੀ ਅਨਾਜ ਸੁਰੱਖਿਆ ਨਾਲ ਕਦਮ ਮਿਲਾਉਣ ਵਾਸਤੇ ਸਾਨੂੰ ਜ਼ਮੀਨ, ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਦੇ ਖੋਰੇ ਨੂੰ ਰੋਕਣਾ ਪਵੇਗਾ।