ਰਿੱਜੋਮਿਲੀਆ – ਇਟਲੀ (ਗੁਰਮੁਖ ਸਿੰਘ ਸਰਕਾਰੀਆ) ਕਬੱਡੀ ਖੇਡ ਮੇਲਿਆਂ ਦੇ ਪੋਸਟਰਾਂ ਤੇ ਇਹ ਲਾਈਨਾਂ ”ਪੱਟ ਦੇਖ ਕੇ ਪੁੱਤ ਮਾਂ ਨੂੰ ਕਹਿੰਦਾ , ਬੇਬੇ ਲੋਕੀਂ ਮੈਨੂੰ ਪਹਿਲਵਾਨ ਕਹਿੰਦੇ , ਪਤਾ ਲੱਗਦਾ ਜਾ ਕੇ ਮੈਦਾਨ ਅੰਦਰ , ਜਦੋਂ ਜੱਫੇ ਬਿਗਾਨਿਆਂ ਦੇ ਨਾਲ ਪੈਂਦੇ ”ਆਮ ਪੜ੍ਹਨ ਨੂੰ ਮਿਲਦਾ ਹੈ ਪਰ ਕੀ ਖਿਡਾਰੀ ਸੱਚ ਹੀ ਪੱਟਾਂ ਦੇ ਜੋਰ ਨਾਲ ਖੇਡਦੇ ਹਨ ਜਾਂ ਫਿਰ ਡਰੱਗ , ਟੀਕੇ ਜਾਂ ਹੋਰ ਨਸਿ਼ਆਂ ਦੇ ਨਾਲ ਲਿਆਂਦੀ ਸਰੀਰ ਵਿਚ ਲੋਹੜਿਆਂ ਦੀ ਚੁਸਤੀ ਕੰਮ ਕਰਦੀ ਹੈ ਇਸ ਲਈ ਐਤਕੀਂ ਇਟਲੀ ਕਬੱਡੀ ਫੈਡਰੇਸ਼ਨ ਨੇ ਕਬੱਡੀ ਖਿਡਾਰੀਆਂ ਸੁਚੇਤ ਕਰਦਿਆਂ ਕਿਹਾ ਕਿ ਜਿਹਨੀ ਇਟਲੀ ਦੇ ਖੇਡ ਮੇਲਿਆਂ ਵਿਚ ਖੇਡਣ ਆਉਣਾ ਹੈ ਉਹ ਖਿਡਾਰੀ ਯੌਰਪ ,ਇੰਡੀਆ ਤੇ ਚਾਹੇ ਅਮਰੀਕਾ , ਕੈਨੇਡਾ ਵਿਚੋਂ ਆਉਣ ਉਨ੍ਹਾਂ ਦਾ ਡਰੱਗ ਟੈੱਸਟ ਜਰੂਰ ਲਿਆ ਜਾਣਾ ਹੈ ਜਿਸ ਬਾਰੇ ਡਾਕਟਰਾਂ ਨਾਲ ਸਾਰੀ ਗੱਲਬਾਤ ਹੋ ਚੁੱਕੀ ਹੈ। ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਸੰਤੋਖ ਸਿੰਘ ਲਾਲੀ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰੀ ਟੈੱਸਟ ਵਿਚ ਪਾਸੇਟਿਵ (ਦੋਸ਼ੀ) ਪਾਏ ਗਏ ਖਿਡਾਰੀ ਬਖਸ਼ੇ ਨਹੀਂ ਜਾਣਗੇ ਤੇ ਉਹਨਾਂ ਤੇ ਪਾਬੰਧੀ ਲੱਗਣੀ ਲਾਜ਼ਮੀ ਹੈ ਜਿਸ ਬਾਰੇ ਸਬੰਧਤ ਕਲੱਬਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਖਿਡਾਰੀ ਵੀ ਕਿਸੇ ਵਹਿਮ ਵਿਚ ਨਾ ਰਹਿਣ ਕੇ ਫੈਡਰੇਸ਼ਨਾਂ ਫੋਕੇ ਡਰਾਵੇ ਦੇ ਕੇ ਚੁੱਪ ਕਰ ਜਾਂਦੀਆਂ ਹਨ। ਇਸ ਲਈ ਖਿਡਾਰੀ ਹੁਣ ਤੋਂ ਹੀ ਆਪਣੀ ਪ੍ਰੈਕਟਿਸ ਤੇ ਕਬੱਡੀ ਦੀ ਤਿਆਰੀ ਜੋਰਾਂ ਨਾਲ ਕਰਨ ਕਿ ਖੇਡ ਹਿੱਕ ਦੇ ਜੋਰ ਨਾਲ ਦਿਖਾਉਣੀ ਹੈ ਨਾ ਕਿ ਨਸ਼ੇ ਦੇ ਸਹਾਰੇ।ਸ੍ਰ ਲਾਲੀ ਨੇ ਕਿਹਾ ਕਿ ਅਸੀਂ ਪਾਬੰਦੀ ਅਚਾਣ ਚੱਕ ਨਹੀਂ ਲਾਉਂਦੇ ਉਸ ਬਾਰੇ ਪਹਿਲਾਂ ਸੂਚਿਤ ਕਰਦੇ ਹਾਂ ਪਰ ਪਾਬੰਦੀ ਲਾਉਣ ਤੋਂ ਬਾਅਦ ਕਈ ਵੀਰ ਫੈਡਰੇਸ਼ਨ ਤੇ ਪਾਬੰਦੀ ਹਟਾਉਣ ਦਾ ਜੋਰ ਪਾਉਣ ਲੱਗਦੇ ਹਨ ਜੋ ਕਿ ਠੀਕ ਨਹੀਂ ਕਿਉਂ ਕਿ ਅਸੂਲ ਤਾਂ ਸਾਰਿਆਂ ਲਈ ਹੀ ਬਰਾਬਰ ਹਨ। ਫੈਡਰੇਸ਼ਨ ਪ੍ਰਧਾਨ ਲਾਲੀ ਨੇ ਕਿਹਾ ਕਿ ਅਸੀਂ ਇਹ ਕਦਮ ਨੌਜ਼ਵਾਨ ਖਿਡਾਰੀਆਂ ਦੀ ਬੇਹਤਰੀ ਲਈ ਹੀ ਚੁੱਕ ਰਹੇਂ ਹਾਂ ਤਾਂ ਕਿ ਨਸ਼ੇ ਦੀ ਬਿਮਾਰੀ ਤੋਂ ਬਚ ਸਕਣ ਤੇ ਆਪਣੀ ਖੇਡ ਨੂੰ ਲੰਮੀ ਉਮਰ ਦੇ ਸਕਣ ਕਿਉਂ ਕਿ ਨਸਿ਼ਆਂ ਦੇ ਸਹਾਰੇ ਖਿਡਾਰੀ ਦੋ ਸਾਲਾਂ ਤੋਂ ਬਾਅਦ ਤੀਜੇ ਸਾਲ ਖੇਡਣ ਤੋਂ ਅਸਮਰੱਥ ਹੋ ਜਾਂਦਾ ਹੈ ਤੇ ਉਲਟਾ ਨਸ਼ੇ ਦਾ ਆਦੀ ਬਣ ਜਾਂਦਾ ਹੈ। ਇਸ ਨਾਲ ਸਾਡੀ ਮਾਂ ਖੇਡ ਕਬੱਡੀ ਸਿਰ ਇਲਜ਼ਾਮ ਆਉਂਦਾ ਹੈ ਕਿ ਕਬੱਡੀ ਦੇ ਖਿਡਾਰੀ ਤਾਂ ਨਸ਼ਈ ਹੀ ਬਣ ਜਾਦੇ ਹਨ ਜਾਂ ਕਬੱਡੀ ਸੋਨੇ ਵਰਗੇ ਨੌਜ਼ਵਾਨਾਂ ਨੂੰ ਨਸ਼ਈ ਬਣਾ ਛੱਡਦੀ ਹੈ ਤੇ ਇਸੇ ਕਰਕੇ ਪੰਜਾਬੀ ਲੋਕ ਬੱਚਿਆਂ ਨੂੰ ਇਸ ਖੇਡ ਵੱਲ ਪ੍ਰੇਰਤ ਨਹੀਂ ਕਰਦੇ ਅੱਜ ਅਸੀਂ ਇਹ ਰੀਤ ਤੋੜ ਦੇਣੀ ਹੈ ਕਿ ਖਿਡਾਰੀ ਸਿਰਫ ਨਸਿ਼ਆਂ ਦੇ ਸਹਾਰੇ ਖੇਡਦੇ ਹਨ ਜਿਸ ਲਈ ਸਾਨੂੰ ਕਲੱਬਾਂ ਤੇ ਖਿਡਾਰੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਵਹਿਮ ਵਿਚ ਨਾ ਰਹਿਣ , ਐਤਕੀਂ ਇਟਲੀ ਕਬੱਡੀ ਫੈਡਰੇਸ਼ਨ ਨੇ ਡਰੱਗ ਟੈੱਸਟ ਲੈਣੇ ਹੀ ਲੈਣੇ
This entry was posted in ਅੰਤਰਰਾਸ਼ਟਰੀ.