ਫਤਹਿਗੜ੍ਹ ਸਾਹਿਬ :- “ਐਫ ਡੀ ਆਈ ਯਾਨੀ ਕਿ ਵਿਦੇਸ਼ੀ ਸਿੱਧਾ ਨਿਵੇਸ਼ ਦੀ ਨੀਤੀ ‘ਤੇ ਅਮਲ ਕਰਕੇ ਪੰਜਾਬ ਸੂਬੇ ਦੇ ਨਿਵਾਸੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਨਾਲ-ਨਾਲ, ਰੁਜ਼ਗਾਰ ਦੇ ਵੀ ਵੱਡੇ ਮੌਕੇ ਪ੍ਰਦਾਨ ਹੋਣਗੇ ਅਤੇ ਇਥੋ ਵੱਡੇ ਪੱਧਰ ‘ਤੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਨੂੰ ਰੋਕਣ ਵਿਚ ਵੱਡੀ ਮੱਦਦ ਮਿਲੇਗੀ । ਪਰ ਸ. ਪ੍ਰਕਾਸ ਸਿੰਘ ਬਾਦਲ ਵੱਲੋ ਬੀਜੇਪੀ ਅਤੇ ਆਰ ਐਸ ਐਸ ਦੀ ਘੁਰਕੀ ਦੇ ਡਰੋ, ਇਸ ਲੋਕ ਤੇ ਮਨੁੱਖਤਾ ਪੱਖੀ ਹੋਣ ਜਾ ਰਹੇ ਅਮਲ ਦਾ ਵਿਰੋਧ ਕਰਨ ਦਾ ਵਰਤਾਰਾ ਅਤਿ ਮੰਦਭਾਗਾਂ ਤੇ ਗੈਰ ਦਲੀਲ ਹੈ । ਅਜਿਹਾ ਕਰਕੇ ਸ. ਬਾਦਲ ਅਤੇ ਬਾਦਲ ਪਰਿਵਾਰ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾ ਰਹੇ ਹਨ । ਜਦੋ ਕਿ ਸ. ਬਾਦਲ ਪਹਿਲੇ ਇਸ ਸੋਚ ਦੇ ਹੱਕ ਵਿਚ ਬਿਆਨ ਦੇ ਚੁੱਕੇ ਹਨ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਫ ਡੀ ਆਈ ਸੋਚ ਉਤੇ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਇਥੇ ਨਿਵੇਸ਼ ਕਰਨ ਦੀ ਖੁੱਲ੍ਹ ਦੇਣ ਨਾਲ ਰੋਜਾਨਾਂ ਆਮ ਘਰਾਂ ਵਿਚ ਵਰਤੋ ਆਉਣ ਵਾਲੀਆ ਵਸਤਾਂ ਦੀ ਜਿਥੇ ਉੱਚ ਕੁਆਲਟੀ ਪ੍ਰਾਪਤ ਹੋਵੇਗੀ, ਉਥੇ ਉਹਨਾਂ ਵਸਤਾਂ ਦੀਆਂ ਕੀਮਤਾਂ ਵੀ ਸਟੋਰਾਂ ਦੇ ਮੁਕਾਬਲੇ ਹੋਣ ਨਾਲ ਕਾਫੀ ਘੱਟ ਜਾਣਗੀਆਂ । ਉਹਨਾਂ ਕਿਹਾ ਕਿ ਹਿੰਦ ਅਤੇ ਪੰਜਾਬ ਦੀਆਂ ਹਕੂਮਤਾਂ, ਫੌਜ਼, ਪੁਲਿਸ ਜੋ ਅਕਸਰ ਹੀ ਆਪਣੇ ਨਾਗਰਿਕਾਂ ਉਤੇ ਜ਼ਬਰ-ਜੁਲਮ ਕਰਨ ਦੀਆਂ ਆਦੀ ਹਨ, ਉਹ ਵਿਦੇਸ਼ੀ ਨਿਵੇਸ਼ ਨਾਲ ਇਸ ਕਰਕੇ ਘੱਟ ਜਾਵੇਗਾ ਕਿਉਕਿ ਇਥੇ ਇਹਨਾਂ ਕੰਪਨੀਆਂ ਦੇ ਨਾਲ-ਨਾਲ ਵਿਦੇਸ਼ੀ ਪ੍ਰੈਸ ਅਤੇ ਮੀਡੀਆ ਵੀ ਇਥੇ ਖੁੱਲ੍ਹ ਕੇ ਵਿਚਰੇਗਾ । ਜਿਸ ਨਾਲ ਇਥੋ ਦੀਆਂ ਹਕੂਮਤਾਂ ਫੌਜ਼, ਪੁਲਿਸ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਕਰਨ ਤੋ ਸੰਕੋਚ ਕਰਨਗੀਆ । ਉਹਨਾਂ ਕਿਹਾ ਕਿ ਇਥੋ ਦੀ ਪ੍ਰੈਸ ਅਤੇ ਮੀਡੀਆ ਸਰਕਾਰਾਂ ਤੋ ਇਸਤਿਹਾਰਬਾਜ਼ੀ ਲੈਣ ਕਰਕੇ ਸਰਕਾਰਾਂ ਤੇ ਨਿਰਭਰ ਰਹਿੰਦਾ ਹੈ । ਇਸ ਲਈ ਉਹ ਸਰਕਾਰ ਪੱਖੀ ਜਿਆਦਾ ਕੰਮ ਕਰਦਾ ਹੈ ਅਤੇ ਸਮਾਜ ਪੱਖੀ ਘੱਟ ਅਤੇ ਇਹ ਪ੍ਰੈਸ ਤੇ ਮੀਡੀਆ ਵਿਦੇਸ਼ੀ ਨਿਵੇਸ਼ ਹੋਣ ਨਾਲ ਖੁੱਦ ਆਜ਼ਾਦੀ ਵੱਲ ਵਧੇਗਾ ਅਤੇ ਇਥੇ ਸੱਚ ਨੂੰ ਅੱਗੇ ਲਿਆਉਣ ਲਈ ਮਜਬੂਰ ਹੋਵੇਗਾ । ਦੂਸਰਾ ਜਦੋ ਇਥੇ ਵਿਦੇਸ਼ੀ ਕੰਪਨੀਆਂ ਰਿਟੇਲ ਦੀਆਂ ਦੁਕਾਨਾਂ ਵੱਡੀ ਗਿਣਤੀ ਵਿਚ ਖੁੱਲ੍ਹਣਗੀਆਂ ਤਾਂ ਇਥੋ ਦੀ ਬੇਰੁਜ਼ਗਾਰੀ ਦੀ ਗਿਣਤੀ ਜੋ 43,0000 ਤੱਕ ਪਹੁੰਚ ਚੁੱਕੀ ਹੈ, ਉਸ ਨੂੰ ਘਟਾਉਣ ਵਿਚ ਵੱਡੀ ਮਦਦ ਮਿਲੇਗੀ । ਇਥੋ ਦੇ ਜਿਮੀਦਾਰ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਫ਼ਸਲਾਂ, ਸਬਜ਼ੀਆਂ ਦੀ ਉਹਨਾਂ ਨੂੰ ਸਹੀ ਕੀਮਤ ਮਿਲਣੀ ਆਰੰਭ ਹੋ ਜਾਵੇਗੀ । ਕਿਉਕਿ ਇਹ ਵਸਤਾਂ ਇਹਨਾਂ ਕੰਪਨੀਆਂ ਰਾਹੀ ਬਾਹਰਲੇ ਮੁਲਕਾਂ ਵਿਚ ਜਾਣ ਦਾ ਸੋਖਾਂ ਪ੍ਰਬੰਧ ਹੋ ਜਾਵੇਗਾ । ਇਥੋ ਦੇ ਨਿਵਾਸੀਆਂ ਨੂੰ ਉੱਚ ਕੁਆਲਟੀ ਦੀਆਂ ਡੱਬਾਂ ਬੰਦ ਵਸਤਾਂ, ਮਿਲਾਵਟ ਤੋ ਰਹਿਤ ਸਹੀ ਕੀਮਤ ਤੇ ਉਪਲੱਬਧ ਹੋ ਜਾਣਗੀਆ । ਅਜਿਹਾ ਹੋਣ ਨਾਲ ਜਿਥੇ ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਮਜਬੂਤ ਕਰਨ ਵਿਚ ਵੱਡੀ ਮਦਦ ਮਿਲੇਗੀ, ਉਥੇ ਪੰਜਾਬੀਆਂ ਨੂੰ ਦਰਪੇਸ ਆ ਰਹੀਆ ਸਰੀਰਕ ਬਿਮਾਰੀਆਂ ਤੋ ਵੀ ਛਟਕਾਰਾ ਮਿਲਣ ਦੇ ਅਸਾਰ ਬਣ ਜਾਣਗੇ । ਜੋ ਆਲੂ ਦੀ ਫ਼ਸਲ ਦੀ ਦੁਰਦਸਾ ਹੋ ਰਹੀ ਹੈ, ਉਹ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਸਹੀ ਕੀਮਤ ਪ੍ਰਾਪਤ ਹੋਣੀ ਸੁਰੂ ਹੋ ਜਾਵੇਗੀ ।
ਉਹਨਾਂ ਕਿਹਾ ਕਿ ਇਹ ਵਰਣਨ ਕਰਨਾ ਵੀ ਜਰੂਰੀ ਹੈ ਕਿ ਬੀਜੇਪੀ ਅਤੇ ਆਰ ਐਸ ਐਸ ਰਾਹੀ ਸ. ਪ੍ਰਕਾਸ ਸਿੰਘ ਬਾਦਲ ਪੰਜਾਬ ਦੀ ਅਸੈਬਲੀ ਵਿਚ ਹਿੰਦੂਆਂ ਦੀ ਬਹੁਗਿਣਤੀ ਇਸ ਲਈ ਜਿਤਾਕੇ ਭੇਜਣ ਦੀ ਸੋਚ ਤੇ ਕੰਮ ਕਰਦੇ ਹਨ ਤਾਂ ਕਿ ਪੰਜਾਬ ਦੀ ਹਕੂਮਤ ਉਤੇ ਬਾਦਲ ਪਰਿਵਾਰ ਦੀ ਅਜਾਰੇਦਾਰੀ ਕਾਇਮ ਰਹੇ ਅਤੇ ਇਹਨਾਂ ਮਤੱਸਵੀਆਂ ਦੀ ਸਹਾਇਤਾਂ ਰਾਹੀ ਆਪਣੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਵਿਚ ਕਾਮਯਾਬ ਹੋ ਸਕਣ । ਜਦੋ ਇਥੋ ਦਾ ਜਿੰਮੀਦਾਰ ਅਤੇ ਸਿੱਖ ਕੌਮ ਮਾਲੀ ਅਤੇ ਦਿਮਾਗੀ ਤੌਰ ਤੇ ਪਹਿਲੇ ਨਾਲੋ ਵਧੇਰੇ ਮਜਬੂਤ ਹੋ ਗਏ ਤਾਂ ਪੰਜਾਬ ਦੀ ਅਸੈਬਲੀ ਵਿਚ ਹਿੰਦੂਆਂ ਦੀ ਬਹੁਗਿਣਤੀ ਕਾਇਮ ਹੋਣ ਦੀ ਬਜਾਏ ਸਿੱਖ ਕੌਮ ਦੀ ਤੁਤੀ ਬੋਲੇਗੀ ਅਤੇ ਸ. ਪ੍ਰਕਾਸ ਸਿੰਘ ਬਾਦਲ ਖੁੱਦ ਬਾ ਖੁੱਦ ਹਕੂਮਤੀ ਤਾਕਤ ਤੋ ਅਲੋਪ ਹੋ ਜਾਣਗੇ । ਕਿਉਕਿ ਸਿੱਖ ਕੌਮ ਇਸ ਬੀਜੇਪੀ-ਆਰ ਐਸ ਐਸ ਅਤੇ ਬਾਦਲ ਪਰਿਵਾਰ ਦੀ ਪੰਜਾਬ ਅਤੇ ਸਿੱਖ ਕੌਮ ਮਾਰੂ ਸਾਜਿਸੀ ਸਿਆਸਤ ਤੋ ਡੂੰਘੀ ਖਫਾ ਹੋ ਚੁੱਕੀ ਹੈ ।