ਇਸਲਾਮਾਬਾਦ- ਅਮਰੀਕਾ ਨੇ ਪਾਕਿਸਤਾਨ ਦੀ ਮੰਗ ਤੇ ਸ਼ਮਸੀ ਹਵਾਈ ਅੱਡੇ ਤੋਂ ਆਪਣੇ ਸੈਨਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਇਸ ਅੱਡੇ ਦਾ ਇਸਤੇਮਾਲ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਡਰੋਨ ਹਮਲੇ ਕਰਨ ਲਈ ਕਰਦੀ ਹੈ।
ਅਮਰੀਕੀ ਸੈਨਿਕਾਂ ਨੂੰ ਵਾਪਿਸ ਲਿਆਉਣ ਲਈ ਇੱਕ ਅਮਰੀਕੀ ਹਵਾਈ ਜਹਾਜ਼ ਪਾਕਿਸਤਾਨ ਪਹੁੰਚਿਆ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਅਮਰੀਕੀ ਸੈਨਿਕ ਉਸ ਤੇ ਸਵਾਰ ਹੋਏ। ਸੈਨਿਕਾਂ ਦੇ ਹਵਾਈ ਜਹਾਜ਼ ਵਿੱਚ ਸਵਾਰ ਹੋਣ ਦੌਰਾਨ ਸ਼ਮਸੀ ਹਵਾਈ ਅੱਡੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਘਰ ਤੋਂ ਬਾਹਰ ਨਾਂ ਨਿਕਲਣ ਦੇ ਆਰਡਰ ਦਿੱਤੇ ਗਏ ਸਨ। ਪਾਕਿਸਤਾਨੀ ਸੈਨਿਕਾਂ ਦੇ ਨੈਟੋ ਹਮਲੇ ਵਿੱਚ ਮਾਰੇ ਜਾਣ ਕਰਕੇ ਨਰਾਜ਼ ਪਾਕਿਸਤਾਨ ਨੇ ਅਮਰੀਕਾ ਨੂੰ ਬਲੋਚਿਸਤਾਨ ਵਿੱਚ ਸਥਿਤ ਸ਼ਮਸੀ ਹਵਾਈ ਅੱਡੇ ਨੂੰ 11 ਦਿਸੰਬਰ ਤੱਕ ਖਾਲੀ ਕਰਨ ਲਈ ਕਿਹਾ ਸੀ। ਪਾਕਿਸਤਾਨ ਨੇ ਆਪਣੀ ਜ਼ਮੀਨ ਤੋਂ ਨੈਟੋ ਨੂੰ ਸਾਰੀ ਤਰ੍ਹਾਂ ਦੀ ਸਪਲਾਈ ਰੋਕ ਦਿੱਤੀ ਸੀ। ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਇਹ ਹਮਲਾ ਜਾਣਬੁਝ ਕੇ ਨਹੀਂ ਕੀਤਾ ਗਿਆ। ਪਾਕਿਸਤਾਨ ਨੂੰ ਇਸ ਘਟਨਾ ਦੀ ਜਾਂਚ ਰਿਪੋਰਟ ਆਉਣ ਤੱਕ ਇੰਤਜਾਰ ਕਰਨਾ ਚਾਹੀਦਾ ਹੈ।