ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇ ਵੀ ਕੇ) ਸਥਾਪਿਤ ਕੀਤੇ ਗਏ ਹਨ। ਫਰੀਦਕੋਟ ਜ਼ਿਲ੍ਹੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਉੱਤਰੀ ਭਾਰਤ ਦਾ ਸਰਵੋਤਮ ਕੇ ਵੀ ਕੇ ਐਲਾਨਿਆ ਗਿਆ ਹੈ। ਇਸ ਉਪਲੱਬਧੀ ਲਈ ਪੁਰਸਕਾਰ ਰਾਸ਼ੀ ਪੰਜ ਲੱਖ ਤੋਂ ਇਲਾਵਾ ਪ੍ਰਸੰਸਾ ਪੱਤਰ ਭਾਰਤੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ 2011 ਦੀ ਨੈਸ਼ਨਲ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ ਹੈ। ਇਹ ਕਾਨਫਰੰਸ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਜੱਬਲਪੁਰ ਵਿਖੇ ਆਯੋਜਿਤ ਕੀਤੀ ਗਈ । ਇਹ ਸਨਮਾਨ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਪਸਾਰ ਗਤੀਵਿਧੀਆਂ ਲਈ ਪ੍ਰਦਾਨ ਕੀਤਾ ਗਿਆ ਹੈ। ਪਿਛਲੇ 15 ਸਾਲਾਂ ਤੋਂ ਫਰੀਦਕੋਟ ਵਿਖੇ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਭੂਮੀ ਪਰਖ਼, ਪੌਦਾ ਰੋਗ ਹਸਪਤਾਲ, ਕਿਸਾਨਾਂ ਲਈ ਚ¦ਤ ਸਲਾਹਕਾਰ ਸੇਵਾ ਤੋਂ ਇਲਾਵਾ ਆਧੁਨਿਕ ਕਿਸਮ ਦੇ ਸੰਚਾਰ ਦੇ ਮਾਧਿਅਮ ਕਿਸਾਨਾਂ ਦੀ ਸੇਵਾ ਲਈ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਇਸ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਹੈਪੀ ਸੀਡਰ, ਲੇਜਰ ਲੈਂਡਲੈਵਲਰ, ਪੈਡੀ ਟਰਾਂਸਪਲਾਂਟਰ ਆਦਿ ਨਵੀਨਤਮ ਤਕਨਾਲੋਜੀ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਨਮਾਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਜਨਰਲ ਡਾ: ਰਵਿੰਦਰ ਕੁਮਾਰ, ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਅਤੇ ਉੱਤਰੀ ਭਾਰਤ ਦੇ ਜ਼ੋਨਲ ਪ੍ਰੋਜੈਕਟ ਡਾਇਰੈਕਟਰ ਡਾ: ਏ ਐਮ ਨਰੂਲਾ ਨੇ ਇਸ ਸਨਮਾਨ ਲਈ ਕੇ ਵੀ ਕੇ ਦੇ ਵਿਗਿਆਨੀਆਂ ਨੂੰ ਵਧਾਈ ਪੇਸ਼ ਕੀਤੀ। ਇਹ ਸਨਮਾਨ ਹਾਸਿਲ ਕਰਨ ਤੋਂ ਬਾਅਦ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ: ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਇਸ ਸਨਮਾਨ ਦੇ ਹੱਕਦਾਰ ਟੀਮ ਦੇ ਮੈਂਬਰ ਹਨ ਜਿਨ੍ਹਾਂ ਦਿਨ ਰਾਤ ਇਕ ਕਰਕੇ ਕੇਂਦਰ ਦੀਆਂ ਗਤੀਵਿਧੀਆਂ ਨੂੰ ਨੇਪਰੇ ਚਾੜਿਆ।
ਪੀ ਏ ਯੂ ਦੇ ਫਰੀਦਕੋਟ ਵਿਖੇ ਸਥਿਤ ਕੇ ਵੀ ਕੇ ਨੂੰ ਉੱਤਰੀ ਭਾਰਤ ਦਾ ਸਰਵੋਤਮ ਕੇ ਵੀ ਕੇ ਐਲਾਨਿਆ ਗਿਆ
This entry was posted in ਪੰਜਾਬ.