ਗੜ੍ਹਸ਼ੰਕਰ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਪਰ ਫਿਰ ਵੀ ਰਾਜ ਵਿਚ ਬੇਰੁਜਗਾਰੀ ਵੱਧ ਰਹੀ ਹੈ ਅਤੇ ਕਿਸਾਨਾਂ ਦੇ ਸਿਰ ਕਰਜਾ ਵੱਧ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਸਮਸਿਆਵਾਂ ਲਈ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਹੋਇਆਂ ਇਹ ਕਿਹਾ ਕਿ ਉਸਨੇ ਪੰਜ ਸਾਲ ਐਸ਼ ਤੇ ਕੈਸ਼ ਵਿਚ ਹੀ ਲਗਾ ਦਿਤੇ। ਬਾਦਲ ਨੇ ਕਿਹਾ ਕਿ ਬਠਿੰਡਾ ਵਿਚ ਰੀਫਾਈਨਰੀ ਵਾਜਪਾਈ ਦੀ ਦੇਣ ਸੀ ਪਰ ਕੈਪਟਨ ਸਰਕਾਰ ਨੇ ਰੀਲਾਂਈਸ ਨੂੰ ਲਾਭ ਦੇਣ ਲਈ ਰੀਫਾਈਨਰੀ ਦਾ ਕੰਮ ਬੰਦ ਕਰਵਾ ਦਿਤਾ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਚਾਰ ਥਰਮਲ ਪਲਾਂਟ ਲਵਾ ਕੇ ਰਾਜ ਨੂੰ ਦੋ ਸਾਲ ਵਿਚ ਬਿਜਲੀ ਦੇ ਮਾਮਲੇ ਵਿਚ ਆਤਮਨਿਰਭਰ ਬਣਾ ਦਿਤਾ ਜਾਵੇਗਾ। ਉਨ੍ਹਾਂ ਨੇ ਕੰਡੀ ਬੀਤ ਖੇਤਰ ਵਿਚ ਸੋਕੇ ਦੇ ਮੁਆਵਜੇ ਦਾ ਵੀ ਐਲਾਨ ਕੀਤਾ। ਭਾਜਪਾ ਦੇ ਅਵਿਨਾਸ਼ ਰਾਏ ਖੰਨਾ ਇਸ ਸਮਾਰੋਹ ਤੋਂ ਗੈਰ ਹਾਜ਼ਰ ਰਹੇ। ਮੁਖਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ “ਪੰਜਾਬ ਦੀ ਜਨਸੰਖਿਆ ਭਾਂਵੇ ਢਾਈ ਫੀਸਦੀ ਹੈ ਪਰ ਇਥੋਂ ਦੇ ਲੋਕਾਂ ਨੇ ਦੇਸ਼ ਦੀ ਅਜਾਦੀ ਦੀ ਲਹਿਰ ਵਿਚ,ਅਨਾਜ ਦੀ ਪੈਦਾਵਾਰ ਵਿਚ ਅਤੇ ਹੋਰ ਖੇਤਰਾਂ ਵਿਚ ਮੋਹਰੀ ਭੂਮਿਕਾ ਨਿਭਾਈ ਹੈ”। ਮਹਿੰਦਰਪਾਲ ਮਾਨ ਨੇ ਮੁੱਖਮੰਤਰੀ ਨੂੰ ਆਪਣੇ ਇਲਾਕੇ ਦੇ ਲੋਕਾਂ ਦੀਆਂ ਸਮਸਿਆਵਾਂ ਤੋਂ ਜਾਣੂੰ ਕਰਵਾਇਆ।